ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਗਸਤ
ਉੱਤਰ-ਪੂਰਬੀ ਦਿੱਲੀ ਦੇ ਸੁਭਾਸ਼ ਪਾਰਕ ਇਲਾਕੇ ਵਿੱਚ ਨੂੰਹ-ਸੱਸ ਦਾ ਕਤਲ ਕਰਨ ਦਾ ਸਮਾਚਾਰ ਹੈ। ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਪਰਿਵਾਰ ਦੇ ਮਰਦ ਪਹਾੜੀ ਇਲਾਕਿਆਂ ਤੋਂ ਸੈਰ ਕਰਕੇ ਪਰਤੇ ਤਾਂ ਉਨ੍ਹਾਂ ਵਿਮਲਾ ਦੇਵੀ (70 )ਤੇ ਡੋਲੀ ਰਾਇ (35) ਦੀ ਲਾਸ਼ ਵੇਖੀ। ਘਰ ਵਿੱਚ ਇਕੱਲੀਆਂ ਹੋਣ ਕਾਰਨ ਉਨ੍ਹਾਂ ਦੇ ਕਤਲ ਦਾ ਸ਼ੱਕ ਕੀਤਾ ਜਾ ਰਿਹਾ ਹੈ। ਪੁਲੀਸ ਨੇ ਦੱਸਿਆ ਕੇ ਡੋਲੀ ਦੇ ਦੋਵੇਂ ਪੁੱਤਰ ਸਾਰਥਕ ਤੇ ਸ਼ਸ਼ਾਂਕ ਮਨਾਲੀ ਘੁੰਮਣ ਗਏ ਸਨ। ਉਹ ਬੀਤੀ ਸ਼ਾਮ ਵਾਪਸ ਆਏ ਤਾਂ ਘਰ ਵਿੱਚੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਨ੍ਹਾਂ ਨੇ ਵਾਧੂ ਚਾਬੀ ਨਾਲ ਦਰਵਾਜ਼ਾ ਖੋਲ੍ਹਿਆਂ ਤਾਂ ਡੋਲੀ ਤੇ ਵਿਮਲਾ ਦੇਵੀ ਦੀਆਂ ਲਾਸ਼ਾਂ ਫਰਸ਼ ’ਤੇ ਖ਼ੂਨ ਨਾਲ ਲੱਥ-ਪੱਥ ਪਈਆਂ ਸਨ। ਪੁਲੀਸ ਮੁਤਾਬਕ ਘਰ ਵਿੱਚੋਂ ਨਕਦੀ ਤੇ ਗਹਿਣੇ ਗਾਇਬ ਹਨ ਤੇ ਕਥਿਤ ਹਮਲਾਵਰ ਨੇ ਚਾਕੂਆਂ ਦੇ ਵਾਰ ਕਰਕੇ ਦੋਵਾਂ ਦਾ ਕਤਲ ਕੀਤਾ। ਵੇਲਕਮ ਥਾਣੇ ਅੰਦਰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਕਤਲ ਪਿੱਛੇ ਲੁੱਟ ਦੀ ਮਨਸ਼ਾ ਦੱਸੀ ਜਾ ਰਹੀ ਹੈ।
ਜਵਾਈ ਨੇ ਸੱਸ ਦੇ ਘਰ ਚਲਾਈ ਗੋਲੀ
ਦੱਖਣ-ਪੱਛਮੀ ਦਿੱਲੀ ਵਿੱਚ ਇੱਕ 32 ਸਾਲਾ ਵਿਅਕਤੀ ਨੇ ਸੋਮਵਾਰ ਨੂੰ ਆਪਣੀ ਸੱਸ ਦੇ ਘਰ ’ਤੇ ਗੋਲੀ ਚਲਾ ਦਿੱਤੀ, ਜਿਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਗੌਰਵ ਪਾਣੀ ਦਾ ਕਾਰੋਬਾਰ ਕਰਦਾ ਹੈ, ਜੋ ਆਪਣੀ ਪਤਨੀ ਨੂੰ ਲੈਣ ਗਿਆ ਸੀ। ਸਾਗਰਪੁਰ ਸਟੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 7 ਵਜੇ ਦੇ ਕਰੀਬ ਇੱਕ ਫੋਨ ਆਇਆ ਤੇ ਦੱਸਿਆ ਗਿਆ ਕਿ ਪੱਛਮੀ ਸਾਗਰਪੁਰ ਵਿੱਚ ਇੱਕ ਵਿਅਕਤੀ ਨੇ ਆਪਣੀ ਸੱਸ ’ਤੇ ਗੋਲੀਬਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਤੇ ਉਸ ਦੀ ਪਤਨੀ ਰੁਚਿਕਾ (31) ਦੇ ਰਿਸ਼ਤੇ ਕੁਝ ਮਹੀਨਿਆਂ ਤੋਂ ਤਣਾਅਪੂਰਨ ਚੱਲ ਰਹੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੁਚਿਕਾ ਘਟਨਾ ਤੋਂ ਇਕ ਹਫਤਾ ਪਹਿਲਾਂ ਆਪਣੇ ਪਤੀ ਦਾ ਘਰ ਛੱਡ ਕੇ ਆਈ ਸੀ ਅਤੇ ਆਪਣੀ ਮਾਂ ਸਰਿਤਾ ਨਾਲ ਰਹਿ ਰਹੀ ਸੀ।