ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਗਾਜ਼ੀਪੁਰ ਖੇਤਰ ’ਚ ਇੱਕ 40 ਸਾਲਾ ਵਿਅਕਤੀ ਦੀ ਕਥਿਤ ਤੌਰ ’ਤੇ ਉਸਦੇ ਚਚੇਰੇ ਭਰਾਵਾਂ ਨੇ ਹੱਤਿਆ ਕਰ ਦਿੱਤੀ। ਪੁਲੀਸ ਮੁਤਾਬਕ ਮ੍ਰਿਤਕ ਸੁਨੀਲ ਕੁਮਾਰ ਦੇ ਭਰਾ ਸੁਧੀਰ ਦਾ ਫੋਨ ਆਇਆ ਸੀ ਜਿਸ ਨੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲੀਸ ਨੇ ਕਿਹਾ ਕਿ ਪਰਿਵਾਰਕ ਝਗੜੇ ਤੋਂ ਬਾਅਦ ਕਥਿਤ ਤੌਰ ’ਤੇ ਆਪਣੇ ਚਚੇਰੇ ਭਰਾ ਦੀ ਹੱਤਿਆ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਡਿਪਟੀ ਕਮਿਸ਼ਨਰ (ਪੂਰਬੀ) ਪ੍ਰਿਅੰਕਾ ਕਸ਼ਯਪ ਨੇ ਕਿਹਾ, ‘‘ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ’’। ਪ੍ਰਿਯੰਕਾ ਕਸ਼ਯਪ ਨੇ ਕਿਹਾ ਕਿ ਗਾਜ਼ੀਪੁਰ ਥਾਣੇ ਵਿੱਚ ਇੱਕ ਪੀਸੀਆਰ ਕਾਲ ਪ੍ਰਾਪਤ ਹੋਈ, ਜਿਸ ਵਿੱਚ ਸੁਧੀਰ ਨੇ ਦੱਸਿਆ ਕਿ ਉਸਦੇ ਭਰਾ ਸੁਨੀਲ ਕੁਮਾਰ ਦੇ ਸਿਰ ਦੇ ਸੱਜੇ ਪਾਸੇ ਗੋਲੀ ਲੱਗੀ ਹੈ। ਡੀਸੀਪੀ ਪੂਰਬੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪੀੜਤ ਦੇ ਚਚੇਰੇ ਭਰਾਵਾਂ ਵਜੋਂ ਹੋਈ ਹੈ, ਜਿਨ੍ਹਾਂ ਦੀ ਪਛਾਣ ਮ੍ਰਿਤਕ ਦੇ ਮਾਮੇ ਦੇ ਪੁੱਤਰ ਆਕਾਸ਼ ਅਤੇ ਵਿਸ਼ਾਲ ਵਜੋਂ ਹੋਈ ਹੈ। ਮੌਕੇ ’ਤੇ ਪਹੁੰਚੀ ਪੁਲੀਸ ਨੇ ਜ਼ਖ਼ਮੀ ਨੂੰ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗਾਜ਼ੀਪੁਰ ਥਾਣੇ ਵਿੱਚ ਧਾਰਾ 302 (ਕਤਲ) ਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। -ਪੱਤਰ ਪ੍ਰੇਰਕ