ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਹਮਲਾ ਬੋਲਦਿਆਂ ਕਿਹਾ ਕਿ ਪਿਛਲੇ 15 ਸਾਲਾਂ ਦੇ ਸ਼ਾਸਨ ਦੌਰਾਨ ਦਿੱਲੀ ਦੀਆਂ ਤਿੰਨ ਸਾਬਕਾ ਨਗਰ ਨਿਗਮਾਂ ਨੇ ਕੂੜੇ ਦੇ ਤਿੰਨ ਪਹਾੜ ਦਿੱਤੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਅੱਜ ਗਾਜ਼ੀਪੁਰ ਲੈਂਡਫਿਲ ਸਾਈਟ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਐਮਸੀਡੀ ਚੋਣਾਂ ਕੂੜੇ ਦੇ ਢੇਰ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਜਿੱਤਦੀ ਹੈ ਤਾਂ ਪੰਜ ਸਾਲਾਂ ਵਿੱਚ ਦਿੱਲੀ ਸਾਫ਼ ਹੋ ਜਾਵੇਗੀ। ਉਨ੍ਹਾਂ ਦੇ ਦੌਰੇ ਦੌਰਾਨ ਭਾਜਪਾ ਵਰਕਰਾਂ ਨੇ ਗਾਜ਼ੀਪੁਰ ਲੈਂਡਫਿਲ ਸਾਈਟ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਵੀ ਭਗਵਾਂ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
‘ਆਪ’ ਨੇ ਦਸੰਬਰ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨਾਲ ਸਵੱਛਤਾ ਨੂੰ ਮੁੱਖ ਚੋਣ ਮੈਦਾਨ ਬਣਾਇਆ ਹੈ। ਕੇਜਰੀਵਾਲ ਲੋਕਾਂ ਨੂੰ ਸੰਬੋਧਨ ਕਰਨ ਲਈ ਦਸ ਮਿੰਟ ਲਏ। ਉਨ੍ਹਾਂ ਕਿਹਾ ਕਿ ਉਨ੍ਹਾਂ ਹੁਣੇ ਕੂੜੇ ਦੇ ਪਹਾੜ (ਗਾਜ਼ੀਪੁਰ) ਦਾ ਦੌਰਾ ਕੀਤਾ ਹੈ ਤੇ ਇਹ ਸ਼ਰਮਨਾਕ ਹੈ ਕਿ ਦਿੱਲੀ ਰਾਸ਼ਟਰੀ ਰਾਜਧਾਨੀ ਹੈ ਤੇ ਦੁਨੀਆ ਭਰ ਦੇ ਲੋਕ ਸ਼ਹਿਰ ਦਾ ਦੌਰਾ ਕਰਦੇ ਹਨ। ਉਹ ਜਦ ਸ਼ਹਿਰ ਵਿਚ ਦਾਖਲ ਹੁੰਦੇ ਹਨ ਤਾਂ ਕੂੜੇ ਦੇ ਪਹਾੜ ਨਾਲ ਉਨ੍ਹਾਂ ਦਾ ਸਵਾਗਤ ਹੁੰਦਾ ਹੈ। ਭਾਜਪਾ ਨੇ 15 ਸਾਲਾਂ ਵਿੱਚ ਦਿੱਲੀ ਵਾਸੀਆਂ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਸਭ ਭਾਜਪਾ ਦੀਆਂ ਨਾਕਾਮੀਆਂ ਦਾ ਹੀ ਸਿੱਟਾ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦਿੱਲੀ ਵਿੱਚ ਵੀ ਭਾਜਪਾ ਸਿਫ਼ਰ ਹੋ ਜਾਵੇਗੀ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਖੇਧੀ ਕਰਦਿਆਂ ਉਨ੍ਹਾਂ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਲੋਕਾਂ ਕੋਲ ਸਵੱਛਤਾ ਦੇ ਮੁੱਦੇ ’ਤੇ ਵੋਟਾਂ ਮੰਗਣਗੇ। ਉਹ ਕਹਿਣਗੇ ਜੇਕਰ ਆਪ ਸਰਕਾਰ ਨੇ 5 ਸਾਲਾਂ ਵਿੱਚ ਦਿੱਲੀ ਨੂੰ ਸਾਫ਼ ਨਹੀਂ ਕੀਤਾ ਤਾਂ ਵੋਟ ਨਾ ਦਿਓ। ਉਨ੍ਹਾਂ ਐਮਸੀਡੀ ਵਾਰਡਾਂ ਦੀ ਹੱਦਬੰਦੀ ਅਤੇ ਚੋਣਾਂ ਵਿੱਚ ਦੇਰੀ ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ ਕਿ ਕਈ ਸ਼ਕਤੀਆਂ ਨੇ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚੀ ਹੈ। ਉਨ੍ਹਾਂ ਆਪਣੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਭਾਜਪਾ ਵਰਕਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਦਿਨ ਆਵੇਗਾ ਜਦੋਂ ਭਾਜਪਾ ਵਾਲੇ ‘ਆਪ’ ਵਿੱਚ ਸ਼ਾਮਲ ਹੋਣਗੇ।
ਸੜਕਾਂ ’ਤੇ ਜਾਮ ਲੱਗਣ ਕਾਰਨ ਲੋਕ ਪ੍ਰੇਸ਼ਾਨ
ਮੁੱਖ ਮੰਤਰੀ ਕੇਜਰੀਵਾਲ ਵੱਲੋਂ ਗਾਜੀਪੁਰ ਦੇ ਕੂੜਾਨੁਮਾ ਪਹਾੜ ਉਤੇ ਜਾਣ ਦੀ ਮੁਹਿੰਮ ਦੌਰਾਨ ਦਿੱਲੀ ਵਾਸੀਆਂ ਨੂੰ ਖਾਸੀ ਪ੍ਰੇਸ਼ਾਨੀ ਹੋਈ। ਪੂਰਬੀ ਦਿੱਲੀ ਦੇ ਕਈ ਇਲਾਕੇ ਜਾਮ ਦੀ ਲਪੇਟ ਵਿੱਚ ਆਏ। ਲੋਕਾਂ ਨੂੰ ਆਪਣੀਆਂ ਮੰਜ਼ਿਲਾਂ ਤੱਕ ਪਹੁੰਚ ਵਿਚ ਦੇਰੀ ਹੋਈ। ਦਿੱਲੀ ਪੁਲੀਸ ਦੀ ਤਾਇਨਾਤੀ ਨੇ ਵੀ ਆਵਾਜਾਈ ਵਿਚ ਰੁਕਾਵਟ ਪਾਈ। ਆਪ ਤੇ ਭਾਜਪਾ ਕਾਰਕੁਨਾਂ ਦੇ ਪ੍ਰਦਰਸ਼ਨ ਕਾਰਨ ਵੀ ਲੋਕਾਂ ਨੂੰ ਪ੍ਰੇਸ਼ਾਨੀ ਹੋਈ। ਕੌਮੀ ਸ਼ਾਹ ਰਾਹ ਉਪਰ ਟ੍ਰੈਫਿਕ ਸੁਸਤ ਰਫਤਾਰ ਚੱਲੀ। ਇਥੋਂ ਦੇ ਕਈ ਮਾਰਗਾਂ ’ਤੇ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।