ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਈ
ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਸਮੇਤ ਹੋਰ ਆਗੂ ਮੁੰਡਕਾ ਦੀ ਇਮਾਰਤ ਨੂੰ ਲੱਗੀ ਅੱਗ ਵਿੱਚ ਸੜ ਕੇ ਜਾਨ ਗੁਆਉਣ ਵਾਲੇ 27 ਲੋਕਾਂ ਦੀ ਮੌਤ ਦੇ ਕਥਿਤ ਜ਼ਿੰਮੇਵਾਰ ਹਨ। ‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਮੰਗ ਕੀਤੀ ਸੂਬਾ ਪ੍ਰਧਾਨ ਆਦੇਸ਼ ਗੁਪਤਾ, ਸੰਸਦ ਮੈਂਬਰ ਮਨੋਜ ਤਿਵਾੜੀ ਤੇ ਸਾਬਕਾ ਪ੍ਰਧਾਨ ਸਤੀਸ਼ ਉਪਾਧਿਆਏ ਖ਼ਿਲਾਫ਼ ਗ਼ੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਸ੍ਰੀ ਭਾਰਦਵਾਜ ਨੇ ਕਿਹਾ ਕਿ ਉੱਤਰੀ ਦਿੱਲੀ ਨਗਰ ਨਿਗਮ ਦੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰਨ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਪ੍ਰਧਾਨ ਸਮੇਤ ਉਕਤ ਆਗੂ 27 ਲੋਕਾਂ ਦੀ ਮੌਤ ਲਈ ਜ਼ਿੰੰਮੇਵਾਰ ਹਨ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਉੱਤਰੀ ਦਿੱਲੀ ਨਗਰ ਨਿਗਮ ਨੇ ਗ਼ੈਰ-ਕਾਨੂੰਨੀ ਸਨਅਤੀ ਸਰਗਰਮੀਆਂ ਉਸ ਇਮਾਰਤ ਵਿੱਚ ਜਾਰੀ ਸਨ ਜਦੋਂ ਕਿ ਸੁਪਰੀਮ ਕੋਰਟ ਦੀ ਕਮੇਟੀ ਨੇ ਉਹ ਇਮਾਰਤ ਸੀਲ ਕੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਜਦੋਂ ਇਮਾਰਤ ਬਣੀ ਉੱਦੋਂ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਉਪਾਧਿਆਏ, ਤਿਵਾੜੀ ਤੇ ਸ੍ਰੀ ਗੁਪਤਾ ਸਨ। ਉਨ੍ਹਾਂ ਕਿਹਾ ਕਿ ਇਹ ਜਾਂਚ ਕੀਤੀ ਜਾਵੇ ਕਿ ਇਮਾਰਤ ਕਿਵੇਂ ਬਣੀ?
ਉਧਰ, ਭਾਜਪਾ ਦੇ ਬੁਲਾਰੇ ਪ੍ਰਵੀਨ ਕੁਮਾਰ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਅੱਗ ਬੁਝਾਊ ਗੱਡੀਆਂ ਦੇਰੀ ਨਾਲ ਪਹੁੰਚੀਆਂ ਤੇ ਉਨ੍ਹਾਂ ਕੋਲ ਵਿਸ਼ੇਸ਼ ਯੰਤਰ ਤੱਕ ਨਹੀਂ ਸਨ ਕਿ ਜਾਨ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਜੀਐਸਟੀ ਰਜਿਸਟਰਡ ਕਰਵਾ ਕੇ ਗ਼ਲਤ ਕਾਗਜ਼ਾਂ ਨਾਲ ਬਿਜਲੀ ਲੈ ਕੇ ਸੈਂਕੜੇ ਕੰਪਨੀਆਂ ਚੱਲ ਰਹੀਆਂ ਹਨ। ‘ਆਪ’ ਸਿਰਫ਼ ਹਲਕੀ ਰਾਜਨੀਤੀ ਕਰ ਰਹੀ ਹੈ।