ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੁਲਾਈ
ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦਾ ਦਿੱਲੀ ਦੇ ਸਨਅਤਕਾਰਾਂ ਤੇ ਵੱਖ-ਵੱਖ ਐਸੋਸੀਏਸ਼ਨਾਂ ਤੇ ਅਦਾਰਿਆਂ ਦੇ ਅਹੁਦੇਦਾਰਾਂ ਵੱਲੋਂ ਸਵਾਗਤ ਕੀਤਾ ਗਿਆ। ਬਲਬੀਰ ਸਿੰਘ ਕੋਹਲੀ ਨੇ ਦੱਸਿਆ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਕੁਮਾਰ ਗੁਜਰਾਲ ਦੀ ਪ੍ਰੇਰਨਾ ਨਾਲ ਬਣੀ ਸੰਸਥਾ ਸੰਨ ਫਾਊਂਡੇਸ਼ਨ ਰਾਹੀਂ ਸ੍ਰੀ ਸਾਹਨੀ ਨੇ ਸਮਾਜ ਦੇ ਉਸ ਹਿੱਸੇ ਦੀ ਮਦਦ ਕੀਤੀ, ਜਿਸ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ। ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਵਿਸ਼ਵ ਪੰਜਾਬੀ ਸੰਸਥਾ ਰਾਹੀਂ ਕਈ ਮੁਲਕਾਂ ਦੇ ਪੰਜਾਬੀਆਂ ਨੂੰ ਇੱਕ ਲੜੀ ਵਿੱਚ ਪਿਰੋਣ ਦਾ ਕਾਰਜ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਜਗਤਾਰਨ ਸਿੰਘ ਆਨੰਦ ਨੇ ਕਿਹਾ ਕਿ ਉਨ੍ਹਾਂ ਕੌਮਾਂਤਰੀ ਪੱਧਰ ਉੱਤੇ ਪੰਜਾਬੀ ਸੰਸਦ ਮੈਂਬਰਾਂ ਨੂੰ ਇੱਕ ਥਾਂ ਲਿਆਂਦਾ ਹੈ। ਜਗਤਾਰ ਸਿੰਘ ਚੱਢਾ ਤੇ ਜਗਮੋਹਨ ਸਿੰਘ ਆਨੰਦ ਮੁਤਾਬਕ ਕੋਟਕਪੂਰਾ ਤੋਂ ਦਿੱਲੀ ਦਾ ਉਨ੍ਹਾਂ ਦਾ ਸਫ਼ਰ ਕਈ ਪੜਾਵਾਂ ਵਿੱਚੋਂ ਲੰਘਿਆ।