ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੁਲਾਈ
ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ-ਬਾਰਡਰ ਸਟੇਜ ‘ਤੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ‘ਹੂਲ ਕ੍ਰਾਂਤੀ ਦਿਵਸ’ ਬਾਰੇ ਕਿਸਾਨਾਂ ਨੂੰ ਕਿਹਾ ਕਿ ਅੱਜ ਦੇ ਦਿਨ 1855 ਵਿੱਚ ਸੰਥਾਨ ਪਰਗਨਾ ਇਲਾਕੇ ਦੇ 400 ਪਿੰਡਾਂ ਦੇ 50000 ਕਬਾਇਲੀ ਲੋਕਾਂ ਨੇ ਸਾਹਿਬ ਗੰਜ ਜ਼ਿਲ੍ਹੇ ਦੇ ਭੋਗਨਾਡੀਹ ਪਿੰਡ ਵਿੱਚ ਇਕੱਠੇ ਹੋ ਕੇ ਅੰਗਰੇਜ਼ਾਂ ਨੂੰ ਲਾਗਾਨ ਨਾ ਦੇਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਇਸ ਵਿਦਰੋਹ ਨੂੰ ‘ਹੂਲ ਕਰਾਂਤੀ’ ਵਜੋਂ ਯਾਦ ਕੀਤਾ ਜਾਂਦਾ ਹੈ। ਆਦਿਵਾਸੀ ਲੋਕਾਂ ਦਾ ਸੰਘਰਸ਼ ਅੱਜ ਵੀ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ। ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਭਾਵੇਂ ਬਹੁਤ ਕੋਝੀਆਂ ਚਾਲਾਂ ਚੱਲ ਰਹੀ ਹੈ, ਪਰ ਕਿਸਾਨਾਂ ਦੀ ਦ੍ਰਿੜਤਾ ਇਨ੍ਹਾਂ ਚਾਲਾਂ ਨੂੰ ਲਗਾਤਾਰ ਅਸਫਲ ਕਰ ਰਹੀ ਹੈ। ਅਸਲ ‘ਚ ਭਾਜਪਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ। ਭਾਜਪਾ ਦੇ ਅੰਦਰ ਉੱਠਦੀਆਂ ਬਗਾਵਤੀ ਸੁਰਾਂ ਸਭ ਸਪੱਸ਼ਟ ਕਰਦੀਆਂ ਹਨ। ਦੇਸ਼ ਦੇ ਕਿਸਾਨਾਂ ਅਤੇ ਸਮਰਥਕਾਂ ਵੱਲੋਂ 26 ਜੂਨ ਨੂੰ ਕੀਤੇ ਸਫਲ ਪ੍ਰਦਰਸ਼ਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮੋਦੀ ਦੀ 7 ਸਾਲਾਂ ਦੀ ਸਰਕਾਰ ‘ਤੇ 7 ਮਹੀਨਿਆਂ ਦਾ ਅੰਦੋਲਨ ਭਾਰੀ ਪੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਝੋਨੇ ਦੀ ਲੁਆਈ ਦਾ ਕੰਮ ਨਬਿੇੜਦਿਆਂ ਮੋਰਚਿਆਂ ‘ਤੇ ਪਰਤ ਰਹੇ ਹਨ, ਉਹ ਉਦੋਂ ਤੱਕ ਡਟੇ ਰਹਿਣਗੇ, ਜਦੋਂ ਤੱਕ 3 ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਬੁਰਜਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖੇਤੀ ਲਈ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦੇ ਵਾਅਦੇ ਕੀਤੇ ਸਨ, ਪਰ ਬਿਜਲੀ ਮੁਸ਼ਕਲ ਨਾਲ 4-5 ਘੰਟੇ ਦਿੱਤੀ ਜਾਂਦੀ ਹੈ। ‘ਸਰਪਲਸ ਬਿਜਲੀ ਵਾਲਾ ਸੂਬਾ’ ਦੇ ਦਮਗਜਿਆਂ ਦੀ ਫੂਕ ਨਿਕਲ ਗਈ ਹੈ।