ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੂਨ
ਆਲ ਇੰਡੀਆ ਟਰੇਡਰਜ਼ ਕਨਫੈਡਰੇਸ਼ਨ (ਕੈੱਟ) ਵੱਲੋਂ ਆਨਲਾਈਨ ਕਰਵਾਏ ਗਏ ਸਰਵੇਖਣ ਦੌਰਾਨ ਦਿੱਲੀ ਦੇ 88 ਫ਼ੀਸਦ ਨੁਮਾਇੰਦਿਆਂ ਨੇ ਕਰੋਨਾ ਮਹਾਂਮਾਰੀ ਰੋਕਣ ਲਈ ਸ਼ਹਿਰ ਦੇ ਬਾਜ਼ਾਰ ਬੰਦ ਰੱਖਣ ਦੇ ਹੱਕ ’ਚ ਆਪਣਾ ਇਰਾਦਾ ਜ਼ਾਹਰ ਕੀਤਾ ਹੈ। ਇਸ ਸਰਵੇਖਣ ਵਿੱਚ 2,610 ਵਪਾਰੀਆਂ ਤੇ ਵਪਾਰਕ ਸੰਸਥਾਵਾਂ ਦੇ ਮੈਂਬਰਾਂ ਨੇ ਹਿੱਸਾ ਲਿਆ ਤੇ ਕਰੀਬ 97 ਫ਼ੀਸਦੀ ਲੋਕਾਂ ਨੇ ਕਿਹਾ ਕਿ ਦਿੱਲੀ ਦੇ ਬਾਜ਼ਾਰਾਂ ’ਚ ਕੋਵਿਡ-19 ਦੇ ਫੈਲਣ ਕਾਰਨ ਚਿੰਤਾ ਵਾਲੀ ਹਾਲਤ ਬਣ ਗਈ ਹੈ, ਜਦੋਂ ਕਿ 92.7 ਨੇ ਸਿਹਤ ਸਹੂਲਤਾਂ ਉਪਰ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਬਾਜ਼ਾਰਾਂ ਰਾਹੀਂ ਇਹ ਹੋਰ ਫੈਲੇਗਾ। 88 ਫ਼ੀਸਦੀ ਵਪਾਰੀ ਬਾਜ਼ਾਰ ਬੰਦ ਕਰਨ ਦੇ ਹੱਕ ਵਿੱਚ ਹਨ। ਜ਼ਿਕਰਯੋਗ ਹੈ ਕਿ ਦਿੱਲੀ ਦੇ ਬਹੁਤੇ ਬਾਜ਼ਾਰ ਖੁੱਲ੍ਹੇ ਹਨ ਪਰ ਗ੍ਰਾਹਕ ਵੀ ਉਹੀ ਆ ਰਹੇ ਹਨ, ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਲੋੜ ਹੈ। ਲੋੜੀਂਦੀਆਂ ਚੀਜ਼ਾਂ ਦੀ ਹੀ ਵਿਕਰੀ ਹੋ ਰਹੀ ਹੈ। ਕੈੱਟ ਵੱਲੋਂ ਕਿਹਾ ਗਿਆ ਕਿ ਕੌਮੀ ਰਾਜਧਾਨੀ ਵਿੱਚ ਕਰੋਨਾ ਦੀ ਸਥਿਤੀ ਚਿੰਤਾਜਨਕ ਤੇ ਗੰਭੀਰ ਹੈ ਤੇ ਬਾਜ਼ਾਰ ਬੰਦ ਰੱਖਣੇ ਇਕ ਵੱਡਾ ਤੇ ਅਹਿਮ ਮੁੱਦਾ ਹੈ।