ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜੂਨ
ਦਿੱਲੀ ਵਿੱਚ ਰੋਜ਼ਾਨਾ ਕੋਵਿਡ -19 ਦੇ ਕੇਸ ਵਧਣ ਲਗ ਪਏ ਹਨ। ਮੰਗਲਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ ਮਰੀਜ਼ 1,000 ਦਾ ਅੰਕੜਾ ਪਾਰ ਕਰ ਗਏ। ਰਾਜਧਾਨੀ ਵਿੱਚ 1,118 ਨਵੇਂ ਕੇਸ ਦਰਜ ਕੀਤੇ ਗਏ ਹਨ। ਦੋ ਮੌਤਾਂ ਤੇ 500 ਰਿਕਵਰੀ ਵੀ ਦਰਜ ਕੀਤੀ ਗਈ ਜਦੋਂ ਕਿ ਇਸ ਸਮੇਂ ਐਕਟਿਵ ਕੇਸ 3,177 ਹਨ।
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 6,594 ਮਾਮਲੇ ਦਰਜ ਕੀਤੇ ਗਏ ਹਨ ਜੋ ਸੋਮਵਾਰ ਸਵੇਰ ਤੱਕ ਦਰਜ ਕੀਤੇ ਗਏ 8,084 ਲਾਗਾਂ ਤੋਂ ਘੱਟ ਹਨ। ਐਕਟਿਵ ਕੇਸ ਹੁਣ 50,548 ਹਨ ਜਦੋਂ ਕਿ ਹੁਣ ਤੱਕ 195.35 ਕਰੋੜ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਰਿਕਵਰੀ ਦਰ ਹੁਣ 98.67 ਫੀਸਦੀ ’ਤੇ ਹੈ, ਜਦੋਂ ਕਿ ਰੋਜ਼ਾਨਾ ਅਤੇ ਹਫਤਾਵਾਰੀ ਪਾਜ਼ੇਟਿਵ ਦਰ ਕ੍ਰਮਵਾਰ 2.05 ਤੇ 2.32 ਫੀਸਦੀ ਹੈ। ਕਰੋਨਾ ਕਾਰਨ ਸੀਲ ਕੀਤੇ ਜਾਣ ਵਾਲੇ ਇਲਾਕਿਆਂ ਦੀ ਗਿਣਤੀ 170 ਹੈ ਤੇ ਮੌਤ ਦਰ 1.73 ਫ਼ੀਸਦ ਹੈ। ਕੋਵਿਡ ਹਸਪਤਾਲਾਂ ਵਿੱਚ 9582 ਬਿਸਤਰਿਆਂ ਵਿੱਚੋਂ 149 ਹੀ ਮਰੀਜ਼ਾਂ ਨਾਲ ਭਰੇ ਹੋਏ ਹਨ ਜਦੋਂ ਕਿ 9433 ਖਾਲੀ ਹਨ। ਕੋਵਿਡ ਕੇਅਰ ਸੈਂਟਰਾਂ ਵਿੱਚ 825 ਬਿਸਤਰਿਆਂ ਵਿੱਚੋਂ ਕੋਈ ਵੀ ਭਰਿਆ ਨਹੀਂ। ਕੋਵਿਡ ਸਿਹਤ ਕੇਂਦਰਾਂ ਦੇ ਬਿਸਤਰੇ ਵੀ ਖਾਲੀ ਹਨ। ਰਾਜਧਾਨੀ ਵਿੱਚ ਵੈਂਟੀਲੇਟਰ ਉਪਰ 8 ਮਰੀਜ਼ ਹਨ ਤੇ ਦਿੱਲੀ ਦੇ ਮਰੀਜ਼ਾਂ ਦੀ ਗਿਣਤੀ 129 ਹੈ ਜੋ ਇਸ ਸਮੇਂ ਹਸਪਤਾਲਾਂ ਵਿੱਚ ਭਰਤੀ ਹਨ। 20 ਮਰੀਜ਼ ਹੋਰ ਰਾਜਾਂ ਤੋਂ ਦਿੱਲੀ ਇਲਾਜ ਕਰਵਾ ਰਹੇ ਹਨ। ਬੀਤੇ ਦਿਨਾਂ ਦੇ ਮੁਕਾਬਲੇ ਇਹ ਉਛਾਲ ਹੈਰਾਨੀਜਨਕ ਹੈ। ਹਾਲਾਂ ਕਿ ਪ੍ਰਸ਼ਾਸਨ ਵੱਲੋਂ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਪਰ ਫਿਰ ਵੀ ਲੋਕ ਬਿਨਾਂ ਮਾਸਕ ਜਨਤਕ ਥਾਵਾਂ ਉਪਰ ਘੁੰਮਦੇ ਦੇਖੇ ਜਾ ਸਕਦੇ ਹਨ। ਦਿੱਲੀ ਵਿੱਚ ਟੀਕਾਕਰਨ ਮੁਹਿੰਮ ਵੀ ਬਰਾਬਰ ਜਾਰੀ ਹੈ। ਰੋਜ਼ਾਨਾ ਕੇਸ ਵਧਣ ਕਾਰਨ ਪ੍ਰਸ਼ਾਸਨ ਹੁਣ ਸਖ਼ਤੀ ਕਰਨ ਦੇ ਰੌਂਅ ਵਿੱਚ ਜਾਪਦਾ ਹੈ। ਬਾਜ਼ਾਰਾਂ ਵਿੱਚ ਲੋਕ ਕਰੋਨਾ ਨਿਯਮਾਂ ਤੋਂ ਬੇਪ੍ਰਵਾਹ ਹੋ ਕੇ ਫਿਰ ਹਨ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਕਰੋਨਾ ਲਾਗ ਹੋਰ ਵਧਣ ਦੀ ਸੰਭਾਵਨਾ ਹੈ।
ਫਰੀਦਾਬਾਦ (ਪੱਤਰ ਪ੍ਰੇਰਕ) ਮੰਗਲਵਾਰ ਨੂੰ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦੇ 105 ਮਾਮਲੇ ਪਾਜ਼ੇਟਿਵ ਆਏ ਹਨ। ਜਦਕਿ ਕਿ 37 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਜ਼ਿਲ੍ਹੇ ਵਿੱਚ ਕਰੋਨਾ ਦੀ ਰਿਕਵਰੀ ਦਰ ਵੀ 99.12 ਫੀਸਦੀ ਤੱਕ ਪਹੁੰਚ ਗਈ ਹੈ। ਹਸਪਤਾਲ ਵਿੱਚ ਕਰੋਨਾ ਪਾਜ਼ੇਟਿਵ ਦੇ 8 ਕੇਸ ਦਾਖਲ ਹੋਏ। ਜਦਕਿ ਜ਼ਿਲ੍ਹੇ ਵਿੱਚ 402 ਲੋਕਾਂ ਨੂੰ ਹੋਮ ਘਰੇ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 410 ਹੈ। ਜਦਕਿ ਕਈ ਲੋਕ ਕਰੋਨਾ ਨੂੰ ਮਾਤ ਦੇ ਕੇ ਸਿਹਤਮੰਦ ਹੋ ਗਏ ਹਨ। ਜ਼ਿਲ੍ਹੇ ਵਿੱਚ ਕਰੋਨਾ ਦੀ ਲਾਗ ਦੀ ਰਫ਼ਤਾਰ ਨੂੰ ਰੋਕਣ ਲਈ ਟੈਸਟਿੰਗ ਅਤੇ ਟੀਕਾਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਵਿੱਚ 1120 ਲੋਕਾਂ ਦੀ ਜਾਂਚ ਕੀਤੀ ਗਈ। ਜਦੋਂ ਕਿ ਜ਼ਿਲ੍ਹਾ ਫਰੀਦਾਬਾਦ ਵਿੱਚ ਹੁਣ ਤੱਕ 16,47,494 ਲੋਕਾਂ ਨੇ ਟੈਸਟ ਕਰਵਾਇਆ ਹੈ। ਇਨ੍ਹਾਂ ਵਿੱਚੋਂ 1,30,404 ਲੋਕ ਕਰੋਨਾ ਪਾਜ਼ੇਟਿਵ ਪਾਏ ਗਏ ਹਨ। 15,15,237 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ 1567 ਵਿਅਕਤੀਆਂ ਦੇ ਨਤੀਜੇ ਆਉਣੇ ਬਾਕੀ ਹਨ। ਜ਼ਿਲ੍ਹੇ ਵਿੱਚ ਸੈਂਪਲ ਪਾਜ਼ੇਟਿਵ ਦਰ 7.92 ਫ਼ੀਸਦ ਹੈ, ਜਦਕਿ ਰਿਕਵਰੀ ਰੇਟ 99.12 ਫ਼ੀਸਦੀ ਹੈ। ਐਕਟਿਵ ਕੇਸ ਦਰ 0.31 ਫ਼ੀਸਦੀ ਹੈ। ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਟੀਕਾਕਰਨ ਵੀ ਜ਼ੋਰਦਾਰ ਢੰਗ ਨਾਲ ਕੀਤਾ ਜਾ ਰਿਹਾ ਹੈ। ਐਂਟੀ-ਕਰੋਨਾ ਵੈਕਸੀਨ ਲਗਾਤਾਰ ਲਾਗੂ ਕੀਤੀ ਜਾ ਰਹੀ ਹੈ।
ਉਪ ਰਾਜਪਾਲ ਵੱਲੋਂ ਡੀਸੀ ਨਾਲ ਮੀਟਿੰਗ
ਨਵੀਂ ਦਿੱਲੀ (ਪੱਤਰ ਪ੍ਰੇਰਕ ): ਰਾਜਧਾਨੀ ਵਿੱਚ ਕੋਵਿਡ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐੱਮਏ) ਦੇ ਚੇਅਰਪਰਸਨ ਉਪ ਰਾਜਪਾਲ, ਵੀ.ਕੇ. ਸਕਸੈਨਾ ਨੇ ਅਧਿਕਾਰੀਆਂ ਨੂੰ ਚੌਕਸ ਰਹਿਣ ਤੇ ਕਿਸੇ ਵੀ ਗੜਬੜੀ ਨਾਲ ਨਜਿੱਠਣ ਲਈ ਹਸਪਤਾਲ ਦੀ ਤਿਆਰੀ ਲਈ ਗਾਰਡ ਨੂੰ ਕਮਜ਼ੋਰ ਨਾ ਹੋਣ ਦੇਣ ਦੇ ਨਿਰਦੇਸ਼ ਦਿੱਤੇ। ਉਪ ਰਾਜਪਾਲ ਨੇ ਅੱਜ ਰਾਜਧਾਨੀ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਦੇ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸ੍ਰੀ ਸਕਸੈਨਾ ਨੇ ਨਿਰਦੇਸ਼ ਲਾਗੂ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਤੇ ਸ਼ਹਿਰ ਦੇ ਲੋਕਾਂ ਨੂੰ ਸਵੈਇੱਛਤ ਤੌਰ ’ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।