ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੂਨ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦੱਸਿਆ ਕਿ ਦਿੱਲੀ ਵਿੱਚ ਬਲੈਕ ਫੰਗਸ ਦੇ ਇੱਕ ਹਜ਼ਾਰ ਤੋਂ ਜ਼ਿਆਦਾ ਬਲੈਕ ਫੰਗਸ ਦੇ ਮਰੀਜ਼ ਹਨ ਤੇ ਇਸ ਬਿਮਾਰੀ ਕਾਰਨ 89 ਮੌਤਾਂ ਹੁਣ ਤੱਕ ਦਿੱਲੀ ਅੰਦਰ ਹੋ ਚੁੱਕੀਆਂ ਹਨ। ਸ੍ਰੀ ਜੈਨ ਨੇ ਦੱਸਿਆ ਕਿ ਬਲੈਕ ਫੰਗਸ ਦੇ 1044 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 89 ਦੀ ਮੌਤ ਹੋਈ ਹੈ ਤੇ 92 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। 863 ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਇਸ ਬਿਮਾਰੀ ਦੀ ਦਵਾਈ ਨਹੀਂ ਮਿਲ ਰਹੀ ਜਦੋਂ ਕਿ ਦਿੱਲੀ ਸਰਕਾਰ ਨੇ ਇਸ ਨੂੰ ਪਹਿਲਾਂ ਹੀ ਮਹਾਮਾਰੀ ਐਲਾਨਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਲੈਕ ਫੰਗਸ ਦਾ ਪਤਾ ਲਾਉਣ ਲਈ ਸੀਰੋ ਸਰਵੇਖਣ ਕਰਵਾਇਆ ਜਾ ਰਿਹਾ ਹੈ। ਦਿੱਲੀ ’ਚ ਕਰੋਨਾਵਾਇਰਸ ਦੇ 487 ਤਾਜ਼ਾ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਕੌਮੀ ਰਾਜਧਾਨੀ ਵਿੱਚ ਕੇਸਾਂ ਦੀ ਗਿਣਤੀ 14,27,926 ਤੱਕ ਪਹੁੰਚ ਗਈ ਹੈ ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 24,402 ਹੋ ਗਈ ਹੈ। ਤੇਜ਼ੀ ਨਾਲ ਸਕਾਰਾਤਮਕਤਾ ਦਰ ਗਿਰਾਵਟ 0.61 ਫ਼ੀਸਦ ਤੱਕ ਜਾਰੀ ਰਿਹਾ। ਪਿਛਲੇ 24 ਘੰਟਿਆਂ ਦੌਰਾਨ 45 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਵਿੱਚ 80,046 ਟੈਸਟ ਕੀਤੇ ਗਏ ਸਨ। ਐਕਟਿਵ ਕੇਸਾਂ ਦੀ ਗਿਣਤੀ 8,748 ਹੈ ਜਿਨ੍ਹਾਂ ਵਿੱਚੋਂ 4,233 ਘਰ ਇਕਾਂਤਵਾਸ ਵਿੱਚ ਹਨ।
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਦੇ ਕੇਸ 64 ਆਏ ਤੇ ਦੋ ਔਰਤਾਂ ਸਮੇਤ ਚਾਰ ਮੌਤਾਂ ਹੋਣ ਤੇ ਕਰੋਨਾ ਮੌਤਾਂ ਦੀ ਗਿਣਤੀ 425 ਹੋਈ। ਰੀਕਵਰੀ ਰੇਟ 93.41 ਫ਼ੀਸਦ ਪੁੱਜਾ ਘਰ ਵਿੱਚ ਇਕਾਂਤਵਾਸ ਦੀ ਸੰਖਿਆ ਘਟ ਕੇ 431 ਰਹੀ, ਸਰਗਰਮ ਕੇਸ ਘਟ ਕੇ 713 ਤੇ ਕਰੋਨਾ ਹਰਾਕੇ ਤੰਦਰੁਸਤ ਹੋਣ ਵਾਲੇ 123 ਨੂੰ ਡਿਸਚਾਰਜ ਕੀਤਾ ਗਿਆ। ਪਿੰਡ ਸ਼ੇਖੂਪੁਰ ਡਰੋਲੀ ਦਾ 62 ਸਾਲਾ, ਭੁਥਨਕਲਾਂ ਦਾ 58 ਸਾਲਾ, ਵਿਅਕਤੀ ਤੋਂ ਇਲਾਵਾ ਪਿੰਡ ਠੁਈਆਂ ਦੀ 52 ਸਾਲਾ ਤੇ ਰਤੀਆ ਦੀ 74 ਸਾਲਾ ਅੋਰਤ ਦੀ ਮੌਤ ਹੋ ਗਈ। ਕਰੋਨਾ ਪਾਜੇਟਿਵ ਮਰੀਜਾਂ ਦੀ ਸੰਖਿਆ ਘੱਟ ਆਂਈ ਜਿਸ ਵਿੱਚ ਫਤਿਹਾਬਾਦ ਵਿੱਚੋਂ 14, ਟੋਹਾਣਾ ਵਿੱਚ 1, ਰਤੀਆ ਵਿੱਚੋਂ 21, ਭੱਠੁ ਵਿੱਚ 16, ਬੜੋਪਲ ਵਿੱਚੋਂ 5, ਭੁਨਾ ਵਿੱਚੋਂ ਇੱਕ ਤੇ ਜਾਖਲ ਵਿੱਚੋਂ 6 ਮਰੀਜ ਪਾਜ਼ੇਟਿਵ ਮਿਲੇ।
ਭਾਜਪਾ ਵੱਲੋਂ ਦਿੱਲੀ ਸਰਕਾਰ ’ਤੇ ਮੌਤਾਂ ਦੇ ਅੰਕੜੇ ਛੁਪਾਉਣ ਦਾ ਦੋਸ਼
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਵਿੱਚ ਕਰੋਨਾ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ ਭਾਜਪਾ ਆਗੂ ਸੰਬਿਤ ਪਾਤਰਾ ਨੇ ਕਿਹਾ ਦਿੱਲੀ ਵਿੱਚ ਦਿੱਲੀ ਨਗਰ ਨਿਗਮਾਂ ਦੀਆਂ ਸ਼ਮਸ਼ਾਨ ਘਾਟਾਂ ਵਿੱਚ ਅਪਰੈਲ ਤੇ ਮਈ ਦੌਰਾਨ 34,750 ਤੋਂ ਜ਼ਿਆਦਾ ਮ੍ਰਿਤਕਾਂ ਦੇ ਪ੍ਰਣਾਮ ਪੱਤਰ ਜਾਰੀ ਕੀਤੇ ਗਏ ਹਨ, ਜਦਕਿ ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਰਕਾਰੀ ਅੰਕੜੇ 9,916 ਹਨ ਤੇ ਇਨ੍ਹਾਂ ਦੋਵੇਂ ਅੰਕੜਿਆਂ ਵਿੱਚ ਵੱਡਾ ਫਰਕ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕੇਸਾਂ ਦੀ ਮੌਤ ਦਰ 2.9 ਫ਼ੀਸਦ ਹੈ, ਜੋ ਕੌਮੀ ਦਰ 1.3 ਫ਼ੀਸਦ ਨਾਲੋਂ ਦੁੱਗਣੀ ਹੈ।