ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲਿਆਂ ਵਿੱਚ 44 ਹਜ਼ਾਰ ਤੋਂ ਵੱਧ ਲੋਕਾਂ ਦੇ ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਕਿ ਇੱਕ ਅਪਰੈਲ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕੁੱਲ 44,594 ਚਲਾਨ ਕੱਟੇ ਗਏ ਹਨ, ਜਿਨ੍ਹਾਂ ਵਿੱਚੋਂ 1591 ਚਲਾਨ ਲੇਨ ਡਰਾਈਵਿੰਗ ਦੀ ਅਣਦੇਖੀ ਕਰਨ ਵਾਲਿਆਂ ਦੇ ਹਨ।
ਇਸੇ ਤਰ੍ਹਾਂ 43,003 ਚਲਾਨ ਬੱਸ ਲੇਨ ਵਿੱਚ ਨਿੱਜੀ ਗੱਡੀਆਂ ਖੜ੍ਹੀਆਂ ਕਰਨ ਵਾਲਿਆਂ ਦੇ ਕੱਟੇ ਗਏ ਹਨ, ਜਦ ਕਿ 526 ਗੱਡੀਆਂ ਜ਼ਬਤ ਕੀਤੀਆਂ ਗਈਆਂ। ਗਹਿਲੋਤ ਨੇ ਲੋਕਲ ਬੱਸ ਸ਼ੈਲਟਰਾਂ ਦਾ ਦੌਰਾ ਕੀਤਾ ਅਤੇ ਆਈਟੀਓ, ਕਸ਼ਮੀਰੀ ਗੇਟ, ਦਿੱਲੀ ਗੇਟ, ਲਾਲ ਕਿਲ੍ਹਾ ਤੇ ਦਰਿਆਗੰਜ ਦੇ ਬੱਸ ਅੱਡਿਆਂ ਦਾ ਜਾੲਜ਼ਾ ਲਿਆ। ਉਨ੍ਹਾਂ ਟਰਾਂਸਪੋਰਟ ਵਿਭਾਗ ਨੂੰ ਮੁਸਾਫ਼ਿਰਾਂ ਦੀਆਂ ਸਹੂਲਤਾਂ ਦਾ ਖ਼ਿਆਲ ਰੱਖਣ ਅਤੇ ਇਨ੍ਹਾਂ ਲੋਕਲ ਬੱਸ ਅੱਡਿਆਂ ਦੀ ਦੇਖ-ਭਾਲ ਕਰਨ ਲਈ ਕਿਹਾ। ਦਿੱਲੀ ਵਿੱਚ ਰੋਜ਼ਾਨਾ 35 ਲੱੱਖ ਲੋਕ ਬੱਸਾਂ ਰਾਹੀਂ ਸਫ਼ਰ ਕਰਦੇ ਹਨ ਤੇ ਡੀਟੀਸੀ ਸਮੇਤ ਕਲੱਸਟਰ ਬੱੱਸ ਸਰਵਿਸ ਤਹਿਤ ਹਰੀਆਂ, ਸੰਤਰੀ ਤੇ ਲਾਲ ਬੱਸਾਂ (ਵਾਤਾਨਕੂਲਤ) ਸੇਵਾ ਵਿੱਚ ਹਨ। ਮੰਤਰੀ ਮੁਤਾਬਕ ਬੱਸ ਲੇਨ ਵਿੱਚ ਖੜ੍ਹੀਆਂ ਗੱਡੀਆਂ ਆਵਾਜਾਈ ਵਿੱਚ ਰੁਕਾਵਟ ਬਣਦੀਆਂ ਹਨ। ਮੰਤਰੀ ਨੇ ਦਿੱਲੀ ਵਾਸੀਆਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ।