ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਅਤੇ ਬਚਾਉਣ ਲਈ ਹਰ ਪੱਖੋਂ ਸੁਚੇਤ ਅਤੇ ਦ੍ਰਿੜ ਹਨ। ਔਰਤਾਂ ਅਤੇ ਨੌਜਵਾਨਾਂ ਦੇ ਜਥੇ ਟਿਕਰੀ ਅਤੇ ਸਿੰਘੂ ਬਾਰਡਰ ’ਤੇ ਲਗਾਤਾਰ ਪਹੁੰਚ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ‘ਅਪਰੇਸ਼ਨ ਕਲੀਨ’ ਦਾ ਸ਼ੋਸ਼ਾ ਚਰਚਾ ’ਚ ਹੈ। ਕਿਹਾ ਜਾ ਰਿਹਾ ਹੈ ਕਿ ਇਸ ਅਪਰੇਸ਼ਨ ਰਾਹੀਂ ਸਰਕਾਰ ਪੁਲੀਸ ਐਕਸ਼ਨ ਕਰਕੇ ਦਿੱਲੀ ਧਰਨੇ ਵਾਲੀਆਂ ਥਾਵਾਂ ਤੋਂ ਕਿਸਾਨਾਂ ਨੂੰ ਖਦੇੜ ਸਕਦੀ ਹੈ। ਕਿਸਾਨ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਭੁੱਲ ਕੇ ਵੀ ਅਜਿਹਾ ਤੁਗਲਕੀ ਕਦਮ ਉਠਾਉਣ ਦੇ ਰਾਹ ਨਾ ਪਵੇ। ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਆਪਣੇ ਅੰਦੋਲਨ ਦੀ ਸਫ਼ਲਤਾ ਲਈ ਉਹ ਜਾਨਾਂ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਹ ਕਿਹੋ ਜਿਹਾ ਆਗਿਆਕਾਰੀ ਕਰੋਨਾ ਹੈ, ਜੋ ਨਾ ਤਾਂ ਕੁੰਭ ਮੇਲੇ ਦੇ ਲੱਖਾਂ ਦੇ ਇਕੱਠ ਨੂੰ ਕੁਝ ਕਹਿੰਦਾ ਹੈ ਅਤੇ ਨਾ ਹੀ ਬੰਗਾਲ ਦੀਆਂ ਚੋਣ ਰੈਲੀਆਂ ’ਚ ਵੜਦਾ ਹੈ, ਸਿਰਫ ਕਿਸਾਨ ਧਰਨਿਆਂ ’ਚ ਹੀ ਫੇਰੀ ਪਾਉਂਦਾ ਹੈ। ਕਿਸਾਨ ਆਗੂਆਂ ਨੇ ਸਖ਼ਤ ਸ਼ਬਦਾਂ ’ਚ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕੋਲ ਪੁਲੀਸ ਐਕਸ਼ਨ ਰਾਹੀਂ ਅੰਦੋਲਨ ਖਤਮ ਕਰਵਾਉਣ ਵਾਲਾ ਰਾਹ ਬਿਲਕੁੱਲ ਵੀ ਨਹੀਂ ਹੈ।
ਅੰਦੋਲਨ ਖਤਮ ਕਰਨ ਦਾ ਇੱਕੋ ਇੱਕ ਰਾਹ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਅਤੇ ਐੱਮਐੱਸਪੀ ਲਈ ਨਵਾਂ ਕਾਨੂੰਨ ਬਣਾਉਣ ਦਾ ਹੀ ਹੈ। ਇਹ ਕੰਮ ਜਿੰਨੀ ਜਲਦੀ ਹੋ ਜਾਵੇ, ਸਰਕਾਰ ਲਈ ਉਨ੍ਹਾਂ ਹੀ ਫਾਇਦੇਮੰਦ ਰਹੇਗਾ। ਕਰੋਨਾ ਦਾ ਹਵਾਲਾ ਦੇ ਕੇ ਅੰਦੋਲਨ ਖਤਮ ਕਰਨ ਦੀ ਅਪੀਲ ’ਤੇ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਜੇਕਰ ਸਰਕਾਰ ਕਰੋਨਾ ਅਤੇ ਲੋਕਾਂ ਦੀ ਸਿਹਤ ਪ੍ਰਤੀ ਐਨੀ ਹੀ ਫਿਕਰਮੰਦ ਹੈ ਤਾਂ ਕਰੋਨਾ ਮੌਕੇ ਕੀ ਕਾਲੇ-ਕਾਨੂੰਨ ਕਿਉਂ ਲਿਆਂਦੇ ਗਏ? ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰਜ਼ ਯੂਨੀਅਨ ਪੰਜਾਬ ਦਾ 100 ਸਾਥੀਆਂ ਦਾ ਜਥਾ ਦਿੱਲੀ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਪਹੁੰਚ ਚੁੱਕਾ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਕਣਕਾਂ ਨੂੰ ਸੰਭਾਲਦੇ ਕਿਸਾਨਾਂ-ਮਜ਼ਦੂਰਾਂ ਦੇ ਵਿਹਲੇ ਹੋਣ ਤੱਕ ਗਿਣਤੀ ਕਿਸੇ ਹਾਲਾਤ ’ਚ ਵੀ ਘੱਟਣ ਨਹੀਂ ਦੇਵਾਂਗੇ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਡਿਊਟੀਆਂ ਮੁਤਾਬਕ ਦਿੱਲੀ ਦੇ ਕਿਸਾਨ ਮੋਰਚਿਆਂ ’ਚ ਹਾਜ਼ਰੀ ਭਰ ਰਹੀਆਂ ਹਨ। ਡੈਮੋਕ੍ਰੈਟਿਕ ਮੁਲਾਜ਼ਮ ਫਰੰਟ ਅਤੇ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਵੀ ਹਾਜ਼ਰੀ ਭਰ ਚੁੱਕੇ ਹਨ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਵੀ ਲਗਾਤਾਰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।