ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਨਵੰਬਰ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਨੇ ਘੜੀ ਬਣਾਉਣ ਵਾਲੀ ਕੰਪਨੀ ਨੂੰ 15 ਸਾਲ ਦਾ ਠੇਕਾ ਕਿਵੇਂ ਦਿੱਤਾ, ਜਿਸ ਕੋਲ ਪੁਲ ਬਣਾਉਣ ਦਾ ਤਜਰਬਾ ਤੱਕ ਨਹੀਂ ਹੈ? ਸੀਵੀਸੀ ਦੇ ਦਿਸ਼ਾ-ਨਿਰਦੇਸ਼ਾਂ ਦੀ ਅਣਦੇਖੀ ਕਰਕੇ ਬਿਨਾਂ ਟੈਂਡਰ ਦੇ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਕਿਵੇਂ ਦਿੱਤਾ ਗਿਆ? ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਜਿਸ ਪ੍ਰਾਈਵੇਟ ਕੰਪਨੀ ਨੂੰ ਇਹ ਠੇਕਾ ਦਿੱਤਾ ਗਿਆ ਕੀ ਉਹ ਭਾਜਪਾ ਦੀ ਵੱਡੀ ਦਾਨੀ ਹੈ? ਉਨ੍ਹਾਂ ਕਿਹਾ ਕਿ ਸੈਂਕੜਿਆਂ ਲੋਕਾਂ ਦੇ ਕਤਲ ਤੋਂ ਬਾਅਦ ਵੀ ਕੰਪਨੀ ਅਤੇ ਕੰਪਨੀ ਦੇ ਮਾਲਕਾਂ ਦਾ ਨਾਮ ਐੱਫਆਈਆਰ ਵਿੱਚ ਕਿਉਂ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਨਾਂ ਟੈਂਡਰ ਦੇ ਠੇਕਾ ਦੇਣਾ ਸ਼ਹਿਰੀ ਵਿਕਾਸ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ, ਜੋ ਖ਼ੁਦ ਗੁਜਰਾਤ ਦੇ ਮੁੱਖ ਮੰਤਰੀ ਹਨ। ਮੁਨਾਫਾ ਕਮਾਉਣ ਦਾ ਸਾਰਾ ਕੰਮ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ। ਕੰਪਨੀ ਨੇ 17 ਰੁਪਏ ਦੀ ਟਿਕਟ ਰੱਖੀ। ਇਸ ਪੁਲ ਨੂੰ ਬਣਾਉਣ ਵਿੱਚ 8-12 ਮਹੀਨੇ ਲੱਗੇ ਹਨ ਪਰ ਬਿਨਾਂ ਫਿਟਨੈੱਸ ਸਰਟੀਫਿਕੇਟ, ਬਿਨਾਂ ਐੱਨ.ਓ.ਸੀ., ਕਾਹਲੀ ਵਿੱਚ ਮੁਨਾਫੇ ਲਈ ਪੁਲ ਨੂੰ 5 ਮਹੀਨਿਆਂ ਵਿੱਚ ਹੀ ਖੋਲ੍ਹ ਦਿੱਤਾ ਗਿਆ। ਪੁਲ ਦੀ ਸਮਰੱਥਾ ਤੋਂ ਚਾਰ ਗੁਣਾ ਵੱਧ ਲੋਕ ਲਿਆਂਦੇ ਗਏ, ਜਿਸ ਕਾਰਨ ਪੁਲ ਟੁੱਟ ਗਿਆ। ਭਾਜਪਾ ਭ੍ਰਿਸ਼ਟਾਚਾਰ ’ਤੇ ਮਿੱਟੀ ਪਾਉਣ ਲਈ ਪੁਲ ਤੋੜਨ ਦਾ ਦੋਸ਼ ਲਾ ਰਹੀ ਹੈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਦਿਲਾਸਾ ਦੇਣ ਦੀ ਬਜਾਏ ਮਰਨ ਵਾਲਿਆਂ ’ਤੇ ਪੁਲ ਤੋੜਨ ਦਾ ਦੋਸ਼ ਲਗਾਇਆ ਜਾ ਰਿਹਾ ਹੈ।
ਸੌਰਭ ਭਾਰਦਵਾਜ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਉਸ ਪੁਲ ਦੇ ਬਚਾਅ ਵਿੱਚ ਟੀਵੀ ’ਤੇ ਨਜ਼ਰ ਆਏ। ਉਸ ਪੁਲ ਬਾਰੇ ਕੁਝ ਸਾਧਾਰਨ ਸਵਾਲ ਪੁੱਛੇ ਗਏ ਸਨ ਪਰ ਭਾਰਤੀ ਜਨਤਾ ਪਾਰਟੀ ਦੇ ਬੁਲਾਰਿਆਂ ਕੋਲ ਵੀ ਉਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਸਨ। ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਸਰਕਾਰ ਕੋਲ ਅਜੇ ਤੱਕ ਉਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਹਨ।