ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਕਤੂਬਰ
ਨਕਦੀ ਦੀ ਤੰਗੀ ਨਾਲ ਜੂਝ ਰਹੀ ਦਿੱਲੀ ਮੈਟਰੋ ਨੇ ਰਿਲਾਇੰਸ ਦੀ ਸਹਾਇਕ ਕੰਪਨੀ ਨੂੰ ਆਰਬਿਟਰਲ ਅਵਾਰਡ ਦੇਣ ਲਈ 3500 ਕਰੋੜ ਰੁਪਏ ਲਈ ਕੇਂਦਰ ਅਤੇ ਦਿੱਲੀ ਸਰਕਾਰ ਕੋਲ ਪਹੁੰਚ ਕੀਤੀ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਕੰਪਨੀ ਵਿੱਤੀ ਸੰਕਟ ਵਿੱਚ ਹੈ ਤੇ ਰਿਲਾਇੰਸ ਦੀ ਸਹਾਇਕ ਕੰਪਨੀ ਨੂੰ 2017 ਦਾ ‘ਆਰਬਿਟਰਲ ਅਵਾਰਡ’ ਦੇਣ ਲਈ ਕੇਂਦਰ ਤੇ ਦਿੱਲੀ ਸਰਕਾਰ ਤੋਂ 3500 ਕਰੋੜ ਰੁਪਏ ਦੀ ਮੰਗ ਕੀਤੀ ਹੈ।
ਮੈਟਰੋ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈਸ ਪ੍ਰਾਈਵੇਟ ਲਿਮਟਿਡ (ਡੈਮਪੇਲ) ਦਾ ਭੁਗਤਾਨ ਕਰਨ ਲਈ ਸਰਕਾਰ ਤੋਂ ਵਾਧੂ ਫੰਡ ਮੰਗਣੇ ਪਏ ਕਿਉਂਕਿ ਵਿੱਤੀ ਸੰਕਟ ਕਾਰਨ ਆਪਣੇ ਤੌਰ ’ਤੇ ਪੈਸਾ ਇਕੱਠਾ ਨਹੀਂ ਕਰ ਸਕਦਾ ਹੈ। ਡੀਐੱਮਆਰਸੀ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਦਿੱਲੀ ਮੈਟਰੋ ਦਾ ਲਗਪਗ 7010.08 ਕਰੋੜ ਰੁਪਏ ‘ਡੈਮਪੇਲ’ ਦਾ ਬਕਾਇਆ ਹੈ ਤੇ ਹੁਣ ਤੱਕ 2599 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਕੇਂਦਰ ਤੇ ਦਿੱਲੀ ਸਰਕਾਰ ਦਿੱਲੀ ਮੈਟਰੋ ਦੀਆਂ ਭਾਈਵਾਲ ਹਨ। ਡੀਐੱਮਆਰਸੀ ਨੇ ਹਾਈ ਕੋਰਟ ਨੂੰ ਦੱਸਿਆ ਕਿ ‘ਡੈਮਪੇਲ’ ਨੂੰ ਭੁਗਤਾਨ ਦੇ ਕਾਰਨ ਮੈਟਰੋ ਦੇ ਰੱਖ-ਰਖਾਅ ਲਈ ਫੰਡ ਦੀ ਵੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।