ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੂਨ
ਦਿੱਲੀ ਦੀ ਇੱਕ ਔਰਤ ਨੇ ਟਵਿੱਟਰ ’ਤੇ ਖੁਲਾਸਾ ਕਰਦਿਆਂ ਕਿਹਾ ਕਿ ਉਸ ਨਾਲ ਦਿੱਲੀ ਦੇ ਜ਼ੋਰਬਾਗ ਮੈਟਰੋ ਸਟੇਸ਼ਨ ’ਤੇ ਇੱਕ ਯਾਤਰੀ ਵੱਲੋਂ ਜਿਨਸੀ ਸੋਸ਼ਣ ਕੀਤਾ ਗਿਆ। ਔਰਤ ਵੱਲੋਂ ਮੈਟਰੋ ਸਟੇਸ਼ਨ ’ਤੇ ਪੁਲੀਸ ਵਾਲਿਆਂ ਕੋਲ ਇਹ ਗੱਲ ਦੱਸੀ ਗਈ। ਇਸ ਤੋਂ ਬਾਅਦ ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਤੋਂ ਮੁਲਜ਼ਮ ਦੀ ਪਛਾਣ ਕੀਤੀ ਗਈ। ਦਿੱਲੀ ਦੇ ਆਈਐਨਏ ਥਾਣੇ ਦੇ ਐੱਸਐੱਚਓ ਨੇ ਦੱਸਿਆ ਕਿ ਪੁਲੀਸ ਟੀਮ ਪੀੜਤਾ ਦੇ ਘਰ ਬਿਆਨ ਲੈਣ ਲਈ ਭੇਜੀ ਗਈ ਹੈ। ਫੁਟੇਜ ਦੀ ਜਾਂਚ ਵੀ ਕੀਤੀ ਜਾ ਰਹੀ ਸੀ ਤੇ ਉਸ ਮੈਟਰੋ ਮੁਲਾਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਜਿਸ ਨੇ ਔਰਤ ਦੀ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਸੀ। ਅਦਵਿਤਾ ਕਪੂਰ ਨਾਂ ਦੀ ਇਸ ਔਰਤ ਨੇ ਟਵੀਟਾਂ ਦੀ ਲੜੀ ਵਿੱਚ ਘਟਨਾ ਦੇ ਵੇਰਵੇ ਦਿੱਤੇ ਤੇ ਦੋਸ਼ ਲਾਇਆ ਕਿ ਇੱਕ ਮੁਲਾਜ਼ਮ ਨੇ ਉਸ ਦੀ ਮਦਦ ਨਹੀਂ ਕੀਤੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵੱਲੋਂ ਵੀ ਸਾਰੇ ਮਾਮਲੇ ਦੀ ਜਾਣਕਾਰੀ ਮੰਗੀ ਗਈ ਹੈ।