ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਪਰੈਲ
ਆਮ ਆਦਮੀ ਪਾਰਟੀ ਨੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਮੋਦੀ ਸਰਕਾਰ ਦੀ ਤਾਨਾਸ਼ਾਹੀ ਤੋਂ ਬਚਾਉਣ ਲਈ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ‘ਆਪ’ ਦੇ ਸੀਨੀਅਰ ਆਗੂ ਸੰਜੈ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਅਤੇ ਨਰਿੰਦਰ ਮੋਦੀ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਅਤੇ ਲੋਕਾਂ ਨੂੰ ਦਿੱਤੇ ਗਏ ਵੋਟ ਦੇ ਅਧਿਕਾਰ ਨੂੰ ਖੋਹਣ ਲਈ 400 ਸੀਟਾਂ ਦੀ ਮੰਗ ਕਰ ਰਹੇ ਹਨ। ਜੇਕਰ ਗਲਤੀ ਨਾਲ ਵੀ ਮੋਦੀ ਦੀ ਸਰਕਾਰ ਸੱਤਾ ਵਿੱਚ ਆ ਗਈ ਤਾਂ 2024 ਦੀ ਇਹ ਚੋਣ ਆਖਰੀ ਹੋਵੇਗੀ। ਇਸ ਤੋਂ ਬਾਅਦ ਇਹ ਲੋਕ ਆਰਐੱਸਐੱਸ ਦੇ ‘ਸੰਵਿਧਾਨ’ ਨੂੰ ਦੇਸ਼ ਵਿੱਚ ਲਾਗੂ ਕਰਨਗੇ ਤੇ ਫਿਰ ਦੇਸ਼ ਵਿੱਚ ਚੋਣਾਂ ਨਹੀਂ ਹੋਣਗੀਆਂ ਅਤੇ ਲੋਕਾਂ ਦੇ ਸਾਰੇ ਹੱਕ ਖੋਹ ਲਏ ਜਾਣਗੇ। ਕੁਝ ਘਟਨਾਵਾਂ ਦਾ ਜ਼ਿਕਰ ਕਰਦਿਆਂ ਸੰਜੈ ਸਿੰਘ ਨੇ ਕਿਹਾ ਕਿ ਭਾਜਪਾ ਦੇ ਵੱਡੇ ਆਗੂ ਅਤੇ ਲੋਕ ਸਭਾ ਉਮੀਦਵਾਰ ਖੁੱਲ੍ਹੇਆਮ ਜਨਤਾ ਨੂੰ ਸੰਵਿਧਾਨ ਬਦਲਣ ਲਈ ਇੱਕ ਤਿਹਾਈ ਬਹੁਮਤ ਦੇਣ ਲਈ ਕਹਿ ਰਹੇ ਹਨ। ਜੇਕਰ ਭਾਜਪਾ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਦਲਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਕੋਈ ਵੀ ਉਨ੍ਹਾਂ ਦੇ ਨਾਲ ਖੜ੍ਹਾ ਨਹੀਂ ਹੋ ਸਕੇਗਾ।
ਪਾਰਟੀ ਹੈੱਡਕੁਆਰਟਰ ’ਤੇ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਦੇਸ਼ ਦੇ ਲੋਕਾਂ ਦੇ ਮਨਾਂ ’ਚ ਇਹ ਗੱਲ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ ਕਿ 2024 ਦੀਆਂ ਚੋਣਾਂ ਆਖਰੀ ਹਨ। ਉਨ੍ਹਾਂ ਕਿਹਾ ਕਿ ਜੇਕਰ ਗਲਤੀ ਨਾਲ ਵੀ ਮੋਦੀ ਦੀ ਸਰਕਾਰ ਸੱਤਾ ਵਿੱਚ ਆ ਗਈ ਤਾਂ ਉਹ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਦੇ ਹੱਕ ਖੋਹ ਲੈਣਗੇ। ਲੋਕਾਂ ਦਾ ਇਹ ਡਰ ਦਿਨੋ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਭਾਜਪਾ 50 ਸਾਲ ਰਾਜ ਕਰੇਗੀ। ‘ਆਪ’ ਆਗੂ ਨੇ ਸਵਾਲ ਕੀਤਾ ਕਿ ਇਹ ਵਿਚਾਰ ਉਸ ਦੇ ਮਨ ਵਿਚ ਕਿੱਥੋਂ ਆਇਆ ? ਉਨ੍ਹਾਂ ਕਿਹਾ ਕਿ 2017 ’ਚ ਆਰਐੱਸਐੱਸ ਦੇ ਵੱਡੇ ਨੇਤਾ ਮੋਹਨ ਵੈਦਿਆ ਨੇ ਕਿਹਾ ਸੀ ਕਿ ਦੇਸ਼ ’ਚ ਰਾਖਵਾਂਕਰਨ ਖਤਮ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੰਵਿਧਾਨ ਬਦਲਣ ਤੋਂ ਬਾਅਦ ਰੂਸ ਅਤੇ ਕੋਰੀਆ ਵਾਂਗ ਭਾਰਤ ਵਿੱਚ ਚੋਣਾਂ ਕਰਵਾਉਣ ਦੀ ਲੋੜ ਨਹੀਂ ਰਹੇਗੀ। ਮੋਹਨ ਭਾਗਵਤ ਨੇ 2015 ’ਚ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਦੇਸ਼ ’ਚ ਰਾਖਵਾਂਕਰਨ ਖਤਮ ਹੋਣਾ ਚਾਹੀਦਾ ਹੈ ਅਤੇ ਇਸ ਦੀ ਸਮੀਖਿਆ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਲੋਕ ਮੁੱਦਿਆਂ ’ਤੇ ਚੋਣਾਂ ਵਿੱਚ ਵੋਟਾਂ ਨਹੀਂ ਮੰਗ ਰਹੇ। ਇਸ ਲਈ ਉਹ ਆਪਣੇ ਕਿਸੇ ਕੰਮ ਦੀ ਚਰਚਾ ਨਹੀਂ ਕਰਦੇ। ਨਰਿੰਦਰ ਮੋਦੀ ਪੂੰਜੀਪਤੀਆਂ ਦੇ 15 ਲੱਖ ਕਰੋੜ ਰੁਪਏ ਮੁਆਫ ਕਰਨ, ਚੋਣ ਬਾਂਡ ਅਤੇ ਨੋਟਬੰਦੀ ਦੇ ਘੁਟਾਲਿਆਂ ਵਰਗੇ ਮੁੱਦਿਆਂ ’ਤੇ ਚਰਚਾ ਨਹੀਂ ਕਰਦੇ, ਸਗੋਂ 400 ਸੀਟਾਂ ਦੀ ਮੰਗ ਕਰ ਰਹੇ ਹਨ ਕਿਉਂਕਿ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ।