ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਜੁਲਾਈ
ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰਤੀ ਨਫ਼ਰਤ ਇੰਨੀ ਵੱਧ ਗਈ ਹੈ ਕਿ ਉਹ ਦਿੱਲੀ ਸਰਕਾਰ ਦੇ ਪ੍ਰੋਗਰਾਮ ਵਿੱਚ ਡਾਕਾ ਮਾਰ ਕੇ ਆਪਣੀ ਫੋਟੋ ਲਗਾ ਰਹੇ ਹਨ। ਜਿੱਥੇ ਦਿੱਲੀ ਦੇ ਬੱਚਿਆਂ ਦੀ ਵੀਡੀਓ ਚਲਾਈ ਜਾਣੀ ਸੀ, ਦਿੱਲੀ ਪੁਲੀਸ ਨੇ ਮੋਦੀ ਦੀ ਫੋਟੋ ਭੇਜ ਦਿੱਤੀ ਹੈ। ਕੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਜਿਹਾ ਵਿਵਹਾਰ ਕਰਨਾ ਮੁਨਾਸਬ ਹੈ ? ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਵਿਰੁੱਧ ਲਗਾਤਾਰ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ‘ਆਪ’ ਆਗੂਆਂ ’ਤੇ ਹੁਣ ਤੱਕ 150 ਤੋਂ ਵੱਧ ਝੂਠੇ ਕੇਸ ਦਰਜ ਹੋ ਚੁੱਕੇ ਹਨ। ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ’ਤੇ ਵੀ ਮਨਘੜਤ ਦੋਸ਼ ਲਾਏ ਗਏ ਹਨ। ਜੈਨ ਦੇ ਮਾਮਲੇ ’ਚ ਉਨ੍ਹਾਂ ਦੇ ਇਕ ਆਗੂ ਨੇ ਮੁਆਫ਼ੀ ਮੰਗ ਲਈ ਸੀ। ਰਾਜ ਸਭਾ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਤੋਂ ਡਰਦੇ ਹਨ। ਕੇਜਰੀਵਾਲ ਦਾ ਮਾਡਲ ਇਸ ਨਾਲ ਰੁਕਣ ਵਾਲਾ ਨਹੀਂ ਹੈ। ਅਜਿਹੀਆਂ ਹਰਕਤਾਂ ਨਾਲ ਮੁੱਖ ਮੰਤਰੀ ਕੇਜਰੀਵਾਲ ਦੀ ਲੋਕਪ੍ਰਿਅਤਾ ਹੋਰ ਵਧੇਗੀ ਪਰ ਸਾਰਿਆਂ ਨੂੰ ਸੋਚਣਾ ਹੋਵੇਗਾ ਕਿ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਹੀ ਇਸ ਤਰ੍ਹਾਂ ਪਛੜਿਆ ਹੋਇਆ ਹੈ ਤਾਂ ਰਾਜ ਸਰਕਾਰ ਕਿਵੇਂ ਚੱਲ ਸਕੇਗੀ।
ਸੰਜੇ ਸਿੰਘ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਕੇਜਰੀਵਾਲ ਪ੍ਰਤੀ ਨਫ਼ਰਤ ਇੰਨੀ ਵੱਧ ਗਈ ਹੈ ਕਿ ਉਹ ਦਿੱਲੀ ਸਰਕਾਰ ਦੇ ਪਿੱਛੇ ਪੈ ਗਏ ਹਨ। ਦਿੱਲੀ ਸਰਕਾਰ ਦੇ ਜੰਗਲਾਤ ਵਿਭਾਗ ਦੇ ਪ੍ਰੋਗਰਾਮ ’ਤੇ ਪੁਲੀਸ ਭੇਜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਉਹ ਪੂਰੇ ਪ੍ਰੋਗਰਾਮ ਨੂੰ ਲੁੱਟ ਰਹੇ ਹਨ ਅਤੇ ਕਹਿ ਰਹੇ ਹਨ ਕਿ ਜੇਕਰ ਮੋਦੀ ਦੀ ਫੋਟੋ ਨਹੀਂ ਲੱਗੀ ਤਾਂ ਤੁਹਾਨੂੰ ਪ੍ਰੋਗਰਾਮ ਨਹੀਂ ਕਰਨ ਦਿਆਂਗੇ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਆਪਣੇ ਤੌਰ ’ਤੇ ਪ੍ਰੋਗਰਾਮ ਕਿਵੇਂ ਕਰੇਗੀ? ਇਸ ’ਤੇ ਪੀਐੱਮ ਮੋਦੀ ਦੀ ਫੋਟੋ ਲਗਾਓ, ਪ੍ਰਧਾਨ ਮੰਤਰੀ ਦਾ ਇਹ ਆਚਰਨ ਕਿਹੋ ਜਿਹਾ ਲੱਗਦਾ ਹੈ ? ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪ੍ਰਧਾਨ ਮੰਤਰੀ ਆਪਣੀ ਫੋਟੋ ਲਗਵਾਉਣ ਲਈ ਇਹ ਕਿਹਾ ਜਿਹੀ ਹਰਕਤ ਕਰ ਰਿਹਾ ਹੈ?
ਮੋਦੀ ਫੋਟੋਆਂ ਖਿਚਵਾਉਣ ਦੇ ਸ਼ੌਕੀਨ: ਸੌਰਭ ਭਾਰਦਵਾਜ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਪਲੇਟਫਾਰਮ ’ਤੇ ਫੋਟੋਆਂ ਖਿਚਵਾਉਣ ਦੀ ਚਾਹਤ ਇਕ ਵਾਰ ਫਿਰ ਸਾਹਮਣੇ ਆ ਗਈ ਹੈ। ਦਿੱਲੀ ਸਰਕਾਰ ਦੇ ਵਾਤਾਵਰਨ ਵਣ ਮਹੋਤਸਵ ਵਿੱਚ ਨਰਿੰਦਰ ਮੋਦੀ ਦੀ ਫੋਟੋ ਵਾਲਾ ਇੱਕ ਹੋਰਡਿੰਗ ਜਬਰਦਸਤੀ ਸਕਰੀਨ ਉੱਤੇ ਲਗਾਇਆ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਕੀ ਉਨ੍ਹਾਂ ਨੇ ਆਪਣੇ ਪ੍ਰੋਗਰਾਮ ਵਿੱਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਫੋਟੋ ਲਗਾਈ ਸੀ ? ਪ੍ਰਧਾਨ ਮੰਤਰੀ ਦਫ਼ਤਰ ਦੇ ਕਹਿਣ ’ਤੇ ਦਿੱਲੀ ਪੁਲੀਸ ਦੇ ਅਧਿਕਾਰੀ ਦਿੱਲੀ ਸਰਕਾਰ ਦੇ ਪ੍ਰੋਗਰਾਮ ’ਚ ਜਬਰਦਸਤੀ ਦਾਖ਼ਲ ਹੋਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਦੀਆਂ ਹਦਾਇਤਾਂ ’ਤੇ ਦਿੱਲੀ ਸਰਕਾਰ ਦੇ ਪ੍ਰੋਗਰਾਮ ਨੂੰ ਸਿਆਸੀ ਪ੍ਰੋਗਰਾਮ ’ਚ ਤਬਦੀਲ ਕਰਨ ਦੀ ਨਿਖੇਧੀ ਕੀਤੀ ਹੈ| ਇਸੇ ਕਾਰਨ ਸਾਡੇ ਮੁੱਖ ਮੰਤਰੀ ਅਤੇ ਮੰਤਰੀ ਨੇ ਅਜਿਹੇ ਸਿਆਸੀ ਪ੍ਰੋਗਰਾਮ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ ਵਾਤਾਵਰਨ ਦਿਵਸ ’ਤੇ ਮੋਦੀ ਸਰਕਾਰ ਕਹਿੰਦੀ ਹੈ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉੱਥੇ ਸਿੰਗਲ ਯੂਜ਼ ਪਲਾਸਟਿਕ ਦਾ ਬਣਿਆ ਮੋਦੀ ਦਾ ਹੋਰਡਿੰਗ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਵੀ ਉਸੇ ਤਰ੍ਹਾਂ ਆਪਣੀ ਫੋਟੋ ਲਾਉਣ ਦੇ ਸ਼ੌਕੀਨ ਹਨ, ਜਿਸ ਤਰ੍ਹਾਂ ਦੁਬਈ ਤੇ ਕਤਰ ਦੇ ਹਾਕਮਾਂ ਦੀ ਤਸਵੀਰ ਹਰ ਦੁਕਾਨ-ਹੋਟਲ ਵਿੱਚ ਲਗਾਈ ਜਾਂਦੀ ਹੈ। ਇਸੇ ਤਰ੍ਹਾਂ ਹੁਣ ਲੱਗਦਾ ਹੈ ਕਿ ਜਲਦੀ ਹੀ ਹਰ ਥਾਂ ਮੋਦੀ ਦੀ ਤਸਵੀਰ ਲਾਉਣ ਦਾ ਕਾਨੂੰਨ ਬਣਨ ਜਾ ਰਿਹਾ ਹੈ।