ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੁਲਾਈ
ਦਿੱਲੀ ਪੁਲੀਸ ਨੇ ਅੱਜ ਇੱਕ ਮਾਡਲ ਤੇ ਉਸ ਦੀ ਦੋਸਤ ਨੂੰ ਇੱਕ ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਦੋਵੇਂ ਦਿੱਲੀ ਯੂਨੀਵਰਸਿਟੀ ਕੈਂਪਸ ਦੇ ਆਸ-ਪਾਸ ਨਸ਼ੇ ਦੀ ਸਪਲਾਈ ਕਰਦੇ ਸਨ। ਸ਼ੁਭਮ ਮਲਹੋਤਰਾ (25) ਅਤੇ ਉਸ ਦੀ ਦੋਸਤ ਕੀਰਤੀ (27) ਹਿਮਾਚਲ ਪ੍ਰਦੇਸ਼ ਤੋਂ ਨਸ਼ਾ ਲਿਆ ਕੇ ਦਿੱਲੀ ਵਿੱਚ ਵੇਚਦੇ ਸਨ। ਕ੍ਰਾਈਮ ਬ੍ਰਾਂਚ ਦੇ ਪੁਲੀਸ ਡਿਪਟੀ ਕਮਿਸ਼ਨਰ ਰੋਹਿਤ ਮੀਨਾ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਸੂਚਨਾ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਕਿ ਕੁਝ ਲੋਕ ਦਿੱਲੀ ਯੂਨੀਵਰਸਿਟੀ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਹਨ। ਪੁਲੀਸ ਨੇ ਦੱਸਿਆ ਕਿ ਸ਼ੁਭਮ ਤੇ ਉਸ ਦੀ ਦੋਸਤ ਕੀਰਤੀ ਹਿਮਾਚਲ ਤੋਂ ਇੱਕ ਕਾਰ ਵਿੱਚ ਭੰਗ ਦੀ ਤਸਕਰੀ ਕਰਦੇ ਸਨ। ਪੁਲੀਸ ਨੇ ਦਿੱਲੀ ਦੇ ਗੁਪਤਾ ਚੌਕ ਤੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।