ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਸਤੰਬਰ
ਇੱਥੇ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਜਿਸ ਤਰ੍ਹਾਂ ਨਾਲ ਇਮਾਨਦਾਰੀ ਤੇ ਨੈਤਿਕਤਾ ਦੀ ਗੱਲ ਕਰਦੇ ਹਨ ਪਰ ਜਦੋਂ ਵੀ ਉਨ੍ਹਾਂ ਦੀ ਨੈਤਿਕਤਾ ਅਤੇ ਇਮਾਨਦਾਰੀ ਦੀ ਪਰਖ ਹੋਈ ਹੈ ਤਾਂ ਉਹ ਫੇਲ੍ਹ ਸਾਬਤ ਹੋਏ ਹਨ। ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਦੇਸ਼ ਗੁਪਤਾ ਨੇ ਕੇਜਰੀਵਾਲ ਤੋਂ ਮੰਗ ਕੀਤੀ ਹੈ ਕਿ ਦੋਵਾਂ ਵਿਧਾਇਕਾਂ ਸੰਜੀਵ ਝਾਅ ਤੇ ਅਖਿਲੇਸ਼ ਪਤੀ ਤ੍ਰਿਪਾਠੀ ਨੂੰ ਨਾ ਸਿਰਫ ਪਾਰਟੀ ਤੋਂ ਸਗੋਂ ਵਿਧਾਇਕ ਦੇ ਅਹੁਦੇ ਤੋਂ ਵੀ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਵਿਧਾਇਕਾਂ ਨੂੰ ਦੰਗਾ ਕਰਨ ਅਤੇ ਪੁਲੀਸ ਨਾਲ ਕੁੱਟਮਾਰ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ ਪਰ ਫਿਰ ਵੀ ਕੇਜਰੀਵਾਲ ਇਨ੍ਹਾਂ ਖ਼ਿਲਾਫ਼ ਇੱਕ ਸ਼ਬਦ ਵੀ ਨਹੀਂ ਬੋਲ ਰਹੇ। ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦਾ ਘਿਨੌਣਾ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ। ਅੱਜ ਦਿੱਲੀ ਹੀ ਨਹੀਂ ਪੂਰੇ ਦੇਸ਼ ਨੂੰ ਪਤਾ ਲੱਗ ਗਿਆ ਹੈ ਕਿ ‘ਆਪ’ ਦੇ ਵਿਧਾਇਕ, ਮੰਤਰੀ ਤੇ ਨੇਤਾ ਕਿਵੇਂ ਭ੍ਰਿਸ਼ਟਾਚਾਰ ਕਰਦੇ ਹਨ, ਗੁੰਡਾਗਰਦੀ ਕਰਦੇ ਹਨ ਤੇ ਪੁਲੀਸ ’ਤੇ ਹਮਲੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਕਾਰ-ਬੰਗਲਾ ਨਾ ਲੈਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਅੱਜ ਚਾਰਟਰਡ ਜਹਾਜ਼ ਵਿੱਚ ਘੁੰਮ ਰਹੇ ਹਨ। ਪਿਛਲੇ ਅੱਠ ਸਾਲਾਂ ਵਿੱਚ ਕੇਜਰੀਵਾਲ ਸਿਰਫ਼ ਡਰਾਮੇਬਾਜ਼ੀਆਂ ਹੀ ਕਰ ਰਹੇ ਹਨ। ਅੱਜ ਉਨ੍ਹਾਂ ਕੋਲ ਆਪਣਾ ਕੰਮ ਦਿਖਾਉਣ ਲਈ ਕੁਝ ਨਹੀਂ ਹੈ। ਇਸ ਲਈ ਜਨਤਾ ਦਾ ਧਿਆਨ ਹਟਾਉਣ ਲਈ ਕੇਜਰੀਵਾਲ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਹੀ ਨਹੀਂ ਅਦਾਲਤ ਨੇ ਵੀ ਮੰਨਿਆ ਹੈ ਕਿ ਕੇਜਰੀਵਾਲ ਦੇ ਵਿਧਾਇਕ ਦੰਗਾ ਕਰਨ ਅਤੇ ਸੰਵਿਧਾਨ ਨੂੰ ਤੋੜਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਵਿਧਾਇਕਾਂ ਦੇ ਨਾਲ-ਨਾਲ ਅਹੁਦੇਦਾਰ ਵੀ ਨਸ਼ਿਆਂ ਨਾਲ ਫੜੇ ਗਏ ਹਨ ਪਰ ਇਸ ਦੇ ਬਾਵਜੂਦ ਕੇਜਰੀਵਾਲ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਵੀ ਜੇਲ੍ਹ ਵਿੱਚ ਹਨ, ਇਸ ਦੇ ਬਾਵਜੂਦ ਕੇਜਰੀਵਾਲ ਉਨ੍ਹਾਂ ਨੂੰ ਇਮਾਨਦਾਰੀ ਦੇ ਸਰਟੀਫਿਕੇਟ ਵੰਡ ਰਹੇ ਹਨ।