ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
ਦਿੱਲੀ ਦੇ ਲੋਕਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਵਿੱਚ 18 ਸਤੰਬਰ ਨੂੰ ਬਦਫੈਲੀ ਦਾ ਸ਼ਿਕਾਰ ਹੋਏ 11 ਸਾਲਾ ਬੱਚੇ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਬੱਚੇ ਨਾਲ ਬਦਫੈਲੀ ਮਗਰੋਂ ਮੁਲਜ਼ਮ ਨੇ ਉਸ ਦੇ ਗੁਪਤ ਅੰਗ ਵਿੱਚ ਰਾਡ ਪਾ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਬੱਚੇ ਨੂੰ ਡੰਡਿਆਂ ਅਤੇ ਇੱਟਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਗੰਭੀਰ ਹੋਣ ’ਤੇ ਉਸ ਨੂੰ ਲਾਈਫ ਸਪੋਰਟ ਸਿਸਟਮ ਉੱਤੇ ਰੱਖਿਆ ਗਿਆ ਸੀ। ਪੁਲੀਸ ਨੇ ਇਸ ਮਾਮਲੇ ਸਬੰਧੀ ਦੋ ਨਾਬਾਲਗ ਲੜਕਿਆਂ ਨੂੰ ਵੱਖ ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕਰ ਲਿਆ ਸੀ। ਦੋਵਾਂ ਲੜਕਿਆਂ ਨੂੰ ਜੇਜੇ ਬੋਰਡ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ। ਇਸ ਮਾਮਲੇ ਵਿੱਚ ਦਿੱਲੀ ਮਹਿਲਾ ਕਮਿਸ਼ਨ ਨੇ ਪੁਲੀਸ ਨੂੰ ਨੋਟਿਸ ਦੇ ਕੇ 28 ਸਤੰਬਰ ਤੱਕ ਜਵਾਬ ਮੰਗਿਆ ਸੀ। 22 ਸਤੰਬਰ ਨੂੰ ਬੱਚੇ ਦੀ ਤਬੀਅਤ ਖਰਾਬ ਹੋਣ ’ਤੇ ਪਰਿਵਾਰ ਨੇ ਪੀੜਤ ਬੱਚੇ ਹਸਪਤਾਲ ਦਾਖ਼ਲ ਕਰਵਾਇਆ। ਦਿੱਲੀ ਪੁਲੀਸ ਨੂੰ ਹਸਪਤਾਲ ਪ੍ਰਸ਼ਾਸਨ ਤੋਂ ਘਟਨਾ ਦੀ ਜਾਣਕਾਰੀ ਮਿਲੀ ਤੇ ਕੌਂਸਲਿੰਗ ਤੋਂ ਬਾਅਦ ਪਰਿਵਾਰ ਐਫਆਈਆਰ ਦਰਜ ਕਰਨ ਲਈ ਰਾਜ਼ੀ ਹੋਇਆ ਸੀ।