ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੁਲਾਈ
ਦੱਖਣੀ ਦਿੱਲੀ ਦੇ ਮੋਤੀ ਬਾਗ਼ ਵਿੱਚ ਬੀਤੇ ਦਿਨੀਂ ਕੁਹਾੜੀ ਨਾਲ 16 ਸਾਲ ਦੀ ਨਾਬਾਲਗ ਦਾ ਕਥਿਤ ਕਤਲ ਕਰਨ ਵਾਲੇ 21 ਸਾਲਾਂ ਦੇ ਪ੍ਰਵੀਨ ਨੂੰ ਦਿੱਲੀ ਪੁਲੀਸ ਨੇ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਪ੍ਰਵੀਨ ਕਾਫੀ ਸਮੇਂ ਤੋਂ ਲੜਕੀ ਦਾ ਪਿੱਛਾ ਕਰ ਰਿਹਾ ਸੀ ਤੇ ਤੰਗ ਕਰਦਾ ਸੀ। ਲੜਕੀ ਨੇ ਉਸ ਨੂੰ ਵਰਜਿਆ ਸੀ ਤੇ ਆਪਣੇ ਪਿਤਾ ਕੋਲ ਸ਼ਿਕਾਇਤ ਵੀ ਕੀਤੀ। ਪਿਤਾ ਨੇ ਪ੍ਰਵੀਨ ਨੂੰ ਥੱਪੜ ਮਾਰੇ ਸਨ ਜਿਸ ਕਰਕੇ ਉਸ ਨੇ ਪਿਓ ਧੀ ਤੋਂ ਬਦਲਾ ਲੈਣ ਦੀ ਸੋਚੀ। ਲੜਕੀ ਦਾ ਪਰਿਵਾਰ ਮੋਤੀ ਬਾਗ਼ ਤੇ ਕਥਿਤ ਦੋਸ਼ੀ ਦਾ ਪਰਿਵਾਰ ਸ਼ਾਸਤਰੀ ਪਾਰਕ ਵਿੱਚ ਰਹਿੰਦਾ ਹੈ। ਉਸ ਨੇ ਕਤਲ ਲਈ ਆਰ ਕੇ ਪੁਰਮ ਤੋਂ ਕੁਹਾੜਾ ਖਰੀਦਿਆ। ਜਦੋਂ ਲੜਕੀ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਉਸ ਨੇ ਪਿੱਛੋਂ ਹਮਲਾ ਕਰ ਦਿੱਤਾ ਸੀ ਜਿਸ ਮਗਰੋਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।