ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਪਰੈਲ
ਦਿੱਲੀ ਮੈਟਰੋ ਦੇ ਚੌਥੇ ਪੜਾਅ ਦੀ ਉਸਾਰੀ ਲਈ 3 ਹਜ਼ਾਰ ਤੋਂ ਵੱਧ ਦਰੱਖ਼ਤਾਂ ਦੀ ਬਲੀ ਦਿੱਤੀ ਜਾਵੇਗੀ। ਇੱਕ ਰਿਪੋਰਟ ਮੁਤਾਬਕ ਜੰਗਲਾਤ ਵਿਭਾਗ ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੂੰ ਦਿੱਲੀ ਮੈਟਰੋ ਫੇਜ਼ 4 ਲਈ ਉੱਤਰੀ ਜੰਗਲਾਤ ਡਿਵੀਜ਼ਨ ਵਿੱਚ 2,940 ਰੁੱਖਾਂ ਦੇ ਨਾਲ ਦੱਖਣੀ ਜੰਗਲਾਤ ਡਿਵੀਜ਼ਨ ਵਿੱਚ 450 ਰੁੱਖਾਂ ਨੂੰ ਕੱਟਣ ਜਾਂ ਟਰਾਂਸਪਲਾਂਟ ਕਰਨ ਦੀ ਇਜਾਜ਼ਤ ਦਿੱਤੀ ਹੈ। ਜੰਗਲਾਤ ਵਿਭਾਗ ਨੇ ਦਿੱਲੀ ਮੈਟਰੋ ਨੂੰ 3,000 ਦਰੱਖਤ ਕੱਟਣ ਦੀ ਇਜਾਜ਼ਤ ਦਿੱਤੀ ਹੈ। ਉੱਤਰੀ ਦਿੱਲੀ ਦੇ ਰੋਹਿਣੀ ਖੇਤਰ ਵਿੱਚ ਪੌਦੇ ਲਗਾਉਣ ਵਾਲੀਆਂ ਥਾਵਾਂ ’ਤੇ ਕੁੱਲ 4,500 ਬੂਟੇ ਲਗਾਏ ਜਾਣਗੇ।
ਇਹ ਇਜਾਜ਼ਤ ਦਿੱਲੀ ਪ੍ਰੀਜ਼ਰਵੇਸ਼ਨ ਆਫ ਟਰੀਜ਼ ਐਕਟ, 1994 ਤਹਿਤ ਡਿਪਟੀ ਕੰਜ਼ਰਵੇਟਰ ਆਫ਼ ਫਾਰੈਸਟ (ਉੱਤਰੀ) ਵੱਲੋਂ ਦਿੱਤੀ ਗਈ। 2,940 ਵਿੱਚੋਂ 1,963 ਰੁੱਖਾਂ ਨੂੰ ਟਰਾਂਸਪਲਾਂਟ ਕੀਤਾ ਜਾ ਰਿਹਾ ਹੈ, ਜਦੋਂ ਕਿ 977 ਨੂੰ ਵੱਢਿਆ ਜਾਵੇਗਾ। ਜਨਕਪੁਰੀ ਵੈਸਟ-ਮੁਕਰਬਾ ਚੌਕ-ਡੇਰਾਵਾਲ ਨਗਰ ਵਿਚਕਾਰ ਮੈਟਰੋ ਲਾਈਨ ਦੇ ਨਿਰਮਾਣ ਦੀ ਸਹੂਲਤ ਲਈ ਜੰਗਲ ਕੱਟੇ ਜਾ ਰਹੇ ਹਨ। ਜਨਕਪੁਰੀ ਪੱਛਮੀ ਤੋਂ ਆਰ ਕੇ ਆਸ਼ਰਮ ਰੂਟ ਦਾ ਇੱਕ ਹਿੱਸਾ ਹੋਵੇਗਾ, ਜੋ ਕਿ 29.26 ਕਿਲੋਮੀਟਰ ਲੰਬਾ ਹੋਵੇਗਾ ਤੇ ਇਸ ਵਿੱਚ 22 ਸਟੇਸ਼ਨ ਹੋਣਗੇ। ਏਰੋਸਿਟੀ-ਤੁਗਲਕਾਬਾਦ ਵਿਚਕਾਰ 23.6 ਕਿਲੋਮੀਟਰ ਦੀ ਲਾਈਨ ਵਿੱਚ ਖਾਨਪੁਰ ਤੋਂ ਸੰਗਮ ਵਿਹਾਰ ਸੈਕਸ਼ਨ ਸ਼ਾਮਲ ਹੋਵੇਗਾ, ਜਿੱਥੇ 450 ਦਰੱਖਤਾਂ ਨੂੰ ਕੱਟਣ ਦੀ ਲੋੜ ਹੈ। ਇਨ੍ਹਾਂ ਵਿੱਚੋਂ 299 ਟਰਾਂਸਪਲਾਂਟ ਕੀਤੇ ਜਾਣਗੇ ਤੇ ਬਾਕੀ 151 ਕੱਟੇ ਜਾਣਗੇ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮੰਗੂ ਸਿੰਘ ਨੇ ਹਾਲ ਹੀ ਵਿੱਚ ਦੱਸਿਆ ਕਿ ਰੁੱਖ ਕੱਟਣ ਦੀ ਇਜਾਜ਼ਤ ਇੱਕ ਚੁਣੌਤੀ ਹੈ ਤੇ ਕਾਰਕੁਨ ਕਦੇ-ਕਦਾਈਂ ਜਨਤਾ ਨੂੰ ਗੁਮਰਾਹ ਕਰ ਸਕਦੇ ਹਨ।
ਡੀਐੱਮਆਰਸੀ ਮੁਖੀ ਨੇ ਕਿਹਾ ਕਿ ਸਕਾਰਾਤਮਕ ਪਹਿਲੂ ਦੇਖਿਆ ਜਾਣਾ ਚਾਹੀਦਾ ਹੈ, ਜੇਕਰ ਮੈਟਰੋ ਨਹੀਂ ਬਣਦਾ ਤਾਂ ਦਿੱਲੀ ਦਾ ਪ੍ਰਦੂਸ਼ਣ ਤੇ ਨਿਕਾਸ ਬਹੁਤ ਜ਼ਿਆਦਾ ਹੋ ਜਾਵੇਗਾ।
ਸੈਂਟਰਲ ਵਿਸਟਾ ਪ੍ਰਾਜੈਕਟ ਵਿੱਚ ਪੈਂਦੇ ਦਰੱਖ਼ਤਾਂ ਨੂੰ ਬਚਾਉਣ ਦੀ ਕੋਸ਼ਿਸ਼
ਇੰਡੀਆ ਗੇਟ ਤੇ ਨੇੜੇ ਦੇ ਇਲਾਕਿਆਂ ਵਿੱਚ ਬਣ ਰਹੇ ਸੈਂਟਰਲ ਵਿਸਟਾ ਪ੍ਰਾਜੈਕਟ ਵਿੱਚ ਪੈਂਦੇ ਦਰੱਖ਼ਤਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਆਪਣੀ ਯੋਜਨਾ ਨੂੰ ਸੋਧਿਆ ਹੈ ਤਾਂ ਜੋ ਉਹ ਸੂਬਾ ਪੱਧਰੀ ਮਾਹਰਾਂ ਦੀ ਕਮੇਟੀ (ਐੱਸਈਏਸੀ) ਦੀ ਸਿਫ਼ਾਰਸ਼ ਦੇ ਬਾਅਦ ਉਸ ਥਾਂ ’ਤੇ ਮੌਜੂਦ 40 ਫੀਸਦੀ ਦਰੱਖਤਾਂ ਨੂੰ ਬਚਾਇਆ ਜਾ ਸਕੇ। ਪਹਿਲਾਂ ਇਸ ਨੇ ਪਛਾਣੇ ਗਏ ਪਲਾਟਾਂ ’ਤੇ ਲਗਭਗ 20 ਫ਼ੀਸਦੀ ਰੁੱਖਾਂ ਨੂੰ ਬਚਾਉਣ ਦੀ ਤਜਵੀਜ਼ ਰੱਖੀ ਸੀ। ਸੀਪੀਡਬਲਿਊਡੀ ਨੇ 26 ਮਾਰਚ ਨੂੰ ਇਹ ਪ੍ਰਾਜੈਕਟ ਵਿਚਾਰਨ ਵਾਲੇ ਪੈਨਲ ਨੂੰ ਸੌਂਪ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਦਰਖਤਾਂ ਦੀ ਗਿਣਤੀ ਦੇ ਅਨੁਸਾਰ ਕੁੱਲ ਗਿਣਤੀ 784 ਦੇ ਪਹਿਲੇ ਅਨੁਮਾਨ ਦੇ ਮੁਕਾਬਲੇ 807 ਹੈ। ਪਹਿਲਾਂ 154 ਰੁੱਖਾਂ ਨੂੰ ਬਚਾਉਣ ਦੀ ਯੋਜਨਾ ਦੇ ਮੁਕਾਬਲੇ ਹੁਣ 320 ਰੁੱਖਾਂ ਨੂੰ ਬਚਾਇਆ ਜਾਵੇਗਾ। ਮੀਟਿੰਗ ਅਨੁਸਾਰ 807 ਦਰੱਖਤਾਂ ਵਿੱਚੋਂ 487 ਨੂੰ ਟਰਾਂਸਪਲਾਂਟ ਕੀਤਾ ਜਾਵੇਗਾ।