ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਸਤੰਬਰ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਪੰਜ ਮਹੀਨਿਆਂ ਤੋਂ ਵੱਧ ਦੇ ਸਮੇਂ ਮਗਰੋਂ ਸੱਤ ਸਤੰਬਰ ਤੋਂ ਜਨਤਾ ਲਈ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰੇਗੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਮੈਟਰੋ ਚਲਾਉਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਸ਼ੁਰੂਆਤ ਵਿੱਚ ਮੈਟਰੋ ਸਵੇਰੇ 7 ਤੋਂ 11 ਵਜੇ ਅਤੇ ਸ਼ਾਮ 4 ਵਜੇ ਤੋਂ 8 ਵਜੇ ਤੱਕ 10 ਸਤੰਬਰ ਤੱਕ ਚਲੇਗੀ। ਮੈਟਰੋ ਦੀ ਯੈਲੋ ਲਾਈਨ ਸਮਾਈਪੁਰ ਬਡਲੀ ਤੋਂ ਹੁੱਡਾ ਸਿਟੀ ਸੈਂਟਰ ਦੌਰਾਨ ਪਹਿਲੇ ਪੜਾਅ ਵਿੱਚ ਕੰਮ ਕਰੇਗੀ। 11 ਸਤੰਬਰ ਤੋਂ ਮੈਟਰੋ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ, ਸ਼ਾਮ 4 ਵਜੇ ਤੋਂ 10 ਵਜੇ ਤੱਕ ਅਤੇ 12 ਸਤੰਬਰ ਤੋਂ ਸਵੇਰੇ 6 ਤੋਂ 11 ਵਜੇ ਤੱਕ ਸੇਵਾਵਾਂ ਮੁਹੱਈਆ ਕਰਵਾਏਗੀ। ਦਿੱਲੀ ਮੈਟਰੋ ਦੇ ਹੋਰ ਰੂਟ ਬਲੂ ਲਾਈਨ, ਪਿੰਕ ਲਾਈਨ ਤੇ ਗੁੜਗਾਉਂ ਲਾਈਨ – 9 ਸਤੰਬਰ ਤੋਂ ਚਾਲੂ ਹੋਣਗੀਆਂ। ਮੈਟਰੋ ਰੇਲ ਕਾਰਪੋਰੇਸ਼ਨ ਦੇ ਮੁਖੀ ਨੇ ਦੱਸਿਆ ਕਿ ਆਪਰੇਸ਼ਨ ਅਤੇ ਇਸ ਦੇ ਪ੍ਰਭਾਵਾਂ ਨੂੰ ਵੇਖਣ ਮਗਰੋਂ 10 ਸਤੰਬਰ ਤੋਂ ਰੈੱਡ ਲਾਈਨ (ਗਾਜ਼ੀਆਬਾਦ ਤੋਂ ਰਿਠਾਲਾ), ਬਹਾਦਰਗੜ੍ਹ ਲਾਈਨ ਤੇ ਫਰੀਦਾਬਾਦ ਲਾਈਨ ਚਾਲੂ ਹੋਣਗੀਆਂ। ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਅਥਾਰਿਟੀ ਨੇ ਸਟੇਸ਼ਨਾਂ ‘ਤੇ ਦਾਖਲੇ ਲਈ ਚੁਣੇ ਗੇਟ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਅਤੇ ਬਾਹਰ ਜਾਣ ਲਈ ਇਕ ਵੱਖਰਾ ਗੇਟ ਹੋਵੇਗਾ। ਸਿਰਫ ਅਸੈਂਪਟੋਮੈਟਿਕ ਮਰੀਜ਼ਾਂ ਨੂੰ ਹੀ ਦਿੱਲੀ ਮੈਟਰੋ ਵਿੱਚ ਚੜ੍ਹਨ ਦੀ ਆਗਿਆ ਹੈ। ਉਨ੍ਹਾਂ ਦੱਸਿਆ ਕਿ ਸਟੇਸ਼ਨਾਂ ‘ਤੇ ਕੋਈ ਟੋਕਨ ਉਪਲੱਬਧ ਨਹੀਂ ਹੋਵੇਗਾ, ਜਿਨ੍ਹਾਂ ਕੋਲ ਸਮਾਰਟ ਕਾਰਡ ਹਨ, ਉਹੀ ਯਾਤਰਾ ਕਰ ਸਕਦਾ ਹੈ। ਇਸ ਤੋਂ ਇਲਾਵਾ ਯਾਤਰੀਆਂ ਤੇ ਮੈਟਰੋ ਕਰਮਚਾਰੀਆਂ ਵਿਚਕਾਰ ਸਰੀਰਕ ਸੰਪਰਕ ਤੋਂ ਬਚਣ ਲਈ ਸਮਾਰਟ ਕਾਰਡ ਆਨਲਾਈਨ ਰਿਚਾਰਜ ਹੋਣਗੇ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਵਾਇਰਸ ਦੇ ਵਧੇਰੇ ਜ਼ੋਖ਼ਮ ਕਾਰਨ ਯਾਤਰੀਆਂ ਨੂੰ ਕੋਈ ਟੋਕਨ ਜਾਰੀ ਨਹੀਂ ਕੀਤਾ ਜਾਵੇਗਾ। ਹਰ ਸਟੇਸ਼ਨ ‘ਤੇ ਸਮਾਰਟ ਕਾਰਡ ਖਰੀਦਣ ਦੀ ਪ੍ਰਣਾਲੀ ਹੋਵੇਗੀ ਤੇ ਯਾਤਰੀ ਸਿਰਫ ਸਮਾਰਟ ਕਾਰਡਾਂ ਨਾਲ ਯਾਤਰਾ ਕਰ ਸਕਣਗੇ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਮੀਟਿੰਗ
ਉਪ-ਰਾਜਪਾਲ ਅਨਿਲ ਬੈਜਲ ਨੇ ਕੇਜਰੀਵਾਲ ਸਰਕਾਰ ਦੀ ਦਿੱਲੀ ਮੈਟਰੋ ਨੂੰ ਮੁੜ ਸ਼ੁਰੂ ਕਰਨ ਦੀ ਤਜਵੀਜ਼ ਮਨਜ਼ੂਰ ਕਰ ਲਈ ਹੈ ਤੇ ਮੈਟਰੋ ਨੂੰ ਹਰੀ ਝੰਡੀ ਦੇ ਦਿੱਤੀ। ਦਿੱਲੀ ਸਰਕਾਰ ਵੱਲੋਂ ਲਗਾਤਾਰ ਮੈਟਰੋ ਸੇਵਾਵਾਂ ਸ਼ੁਰੂ ਕਰਨ ਲਈ ਆਖਿਆ ਜਾ ਰਿਹਾ ਸੀ। ਬੈਜਲ ਵੱਲੋਂ ਇਹ ਮਨਜ਼ੂਰੀ ਅੱਜ ਹੋਈ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ (ਡੀਡੀਐੱਮਏ) ਦੀ ਇੱਕ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੀਟਿੰਗ ਵਿੱਚ ਬੈਜਲ ਤੋਂ ਇਲਾਵਾ ਮੁੱਖ ਮੰਤਰੀ ਕੇਜਰੀਵਾਲ, ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤਿੰਦਰ ਜੈਨ, ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਤੇ ਹੋਰ ਅਧਿਕਾਰੀ ਮੌਜੂਦ ਸਨ।