ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਅਗਸਤ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪਿੰਕ ਲਾਈਨ ਦੇ ਤ੍ਰਿਲੋਕਪੁਰੀ-ਮਯੂਰ ਵਿਹਾਰ ਪਾਕੇਟ ਵਨ ਦੇ ਵਿਚਕਾਰ ਨਵੇਂ ਉਸਾਰੇ ਗਏ (ਕੌਰੀਡੋਰ) ਗਲਿਆਰੇ ’ਤੇ ਮੈਟਰੋ ਨੂੰ ਹਰੀ ਝੰਡੀ ਦਿਖਾਈ। ਹੁਣ ਇੱਥੋਂ ਦੇ ਲੋਕਾਂ ਨੂੰ ਉੱਤਰ-ਪੂਰਬ ਤੋਂ ਦਿੱਲੀ ਦੇ ਦੱਖਣ-ਪੱਛਮੀ ਹਿੱਸਿਆਂ ਤੱਕ ਮੈਟਰੋ ਦਾ ਨਿਰਵਿਘਨ ਸੰਪਰਕ ਮਿਲੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੰਘਣੀ ਆਬਾਦੀ ਵਾਲੀ ਪੂਰਬੀ ਦਿੱਲੀ ਦਾ ਇਹ ਖੇਤਰ ਅੱਜ ਮੈਟਰੋ ਰਾਹੀਂ ਬਾਕੀ ਦਿੱਲੀ ਨਾਲ ਵੀ ਜੋੜਿਆ ਜਾ ਰਿਹਾ ਹੈ। ਇਸ ਖੇਤਰ ਵਿੱਚ ਮੈਟਰੋ ਕੋਰੀਡੋਰ ਦੇ ਨਿਰਮਾਣ ਵਿੱਚ ਬਹੁਤ ਮੁਸ਼ਕਲਾਂ ਸਨ ਪਰ ਸਰਕਾਰਾਂ ਤੇ ਏਜੰਸੀਆਂ ਨੇ ਮਿਲ ਕੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੰਮ ਕੀਤਾ। ਪਿੰਕ ਲਾਈਨ ਦਾ ਇਹ ਗਲਿਆਰਾ ਕੁਝ ਸਮੱਸਿਆਵਾਂ ਕਾਰਨ ਅਧੂਰਾ ਰਹਿ ਗਿਆ ਸੀ ਹੁਣ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਲੋਕ ਸ਼ਿਵ ਵਿਹਾਰ ਤੋਂ ਮਜਲਿਸ ਪਾਰਕ ਤੱਕ ਸਿੱਧੀ ਮੈਟਰੋ ਪ੍ਰਾਪਤ ਕਰ ਸਕਣਗੇ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ, ਭਾਰਤ ਵਿੱਚ ਜਾਪਾਨ ਦੇ ਕਾਰਜਕਾਰੀ ਰਾਜਦੂਤ ਐਂਡੋ ਤੋਸ਼ੀਹਾਈਡ, ਡੀਐਮਆਰਸੀ ਦੇ ਐੱਮਡੀ ਮੰਗੂ ਸਿੰਘ ਤੇ ਹੋਰ ਪਤਵੰਤੇ ਵੀ ਇਸ ਮੌਕੇ ਹਾਜ਼ਰ ਸਨ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਤ੍ਰਿਲੋਕਪੁਰੀ ਤੋਂ ਲੈ ਕੇ ਮਯੂਰ ਵਿਹਾਰ ਤੱਕ ਦਾ ਖੇਤਰ ਤ੍ਰਿਲੋਕਪੁਰੀ ਸੰਜੇ ਝੀਲ ਤੋਂ ਮਯੂਰ ਵਿਹਾਰ ਪਾਕੇਟ-1 ਦਾ ਇਹ ਰਸਤਾ ਬਹੁਤ ਛੋਟਾ ਹੈ ਪਰ ਇਹ ਬਹੁਤ ਮਹੱਤਵਪੂਰਨ ਹੈ। ਡੀਐੱਮਆਰਸੀ ਲਈ ਵਿੱਤੀ ਤੇ ਨਵੇਂ ਪ੍ਰਾਜੈਕਟਾਂ ਦੇ ਦ੍ਰਿਸ਼ਟੀਕੋਣ ਤੋਂ ਇਹ ਬਹੁਤ ਮੁਸ਼ਕਲ ਪੜਾਅ ਰਿਹਾ ਹੈ ਪਰ ਡੀਐੱਮਆਰਸੀ ਨੇ ਇਸ ਪੂਰੇ ਕਰੋਨਾ ਦੌਰ ਦਾ ਬਹੁਤ ਸਬਰ ਤੇ ਬਹੁਤ ਵਧੀਆ ਢੰਗ ਨਾਲ ਸਾਹਮਣਾ ਕੀਤਾ ਹੈ। ਡੀਐੱਮਆਰਸੀ ਨੇ ਆਪਣੇ ਪ੍ਰਾਜੈਕਟਾਂ ਨੂੰ ਵੀ ਪੂਰਾ ਕੀਤਾ, ਜਦੋਂ ਤਾਲਾਬੰਦੀ ਹੁੰਦੀ ਸੀ, ਉਹ ਸ਼ਾਇਦ ਉਸ ਸਮੇਂ ਕੁਝ ਸਮੇਂ ਲਈ ਰੁਕਿਆ ਹੁੰਦਾ ਪਰ ਉਸ ਨੇ ਇਸ ਦਾ ਬਹੁਤ ਵਧੀਆ ਢੰਗ ਨਾਲ ਮੁਕਾਬਲਾ ਕੀਤਾ। ਪਿੰਕ ਲਾਈਨ ਹੁਣ ਦਿੱਲੀ ਦੇ ਉੱਤਰ ਤੇ ਪੂਰਬ ਤੋਂ ਦੱਖਣ ਅਤੇ ਪੱਛਮੀ ਹਿੱਸਿਆਂ ਦੇ ਬਹੁਤ ਸਾਰੇ ਖੇਤਰਾਂ ਨੂੰ ਨਿਰਵਿਘਨ ਸੰਪਰਕ ਪ੍ਰਦਾਨ ਕਰੇਗੀ। ਤ੍ਰਿਲੋਕਪੁਰੀ ਅਤੇ ਮਯੂਰ ਵਿਹਾਰ ਦੇ ਸੰਘਣੀ ਆਬਾਦੀ ਵਾਲੇ ਖੇਤਰਾਂ ਨੂੰ ਪਿੰਕ ਲਾਈਨ ’ਤੇ ਕਈ ‘ਇੰਟਰਚੇਂਜਾਂ’ ਰਾਹੀਂ ਮੈਟਰੋ ’ਤੇ ਵਧੇਰੇ ਯਾਤਰਾ ਦੇ ਸਾਧਨ ਮਿਲਣਗੇ। ਨਿਜ਼ਾਮੂਦੀਨ ਰੇਲਵੇ ਸਟੇਸ਼ਨ, ਸਰਾਏ ਕਾਲੇ ਖਾਨ, ਆਈਐੱਸਬੀਟੀ, ਆਨੰਦ ਵਿਹਾਰ ਰੇਲਵੇ ਸਟੇਸ਼ਨ, ਆਨੰਦ ਵਿਹਾਰ ਆਈਐੱਸਬੀਟੀ, ਦਿੱਲੀ ਕੈਂਟ ਰੇਲਵੇ ਸਟੇਸ਼ਨ ਤੇ ਦਿਲੀ ਹਾਟ-ਆਈਐੱਨਏ, ਸਰੋਜਨੀ ਨਗਰ ਤੇ ਲਾਜਪਤ ਨਗਰ ਵਰਗੇ ਪ੍ਰਮੁੱਖ ਬਾਜ਼ਾਰਾਂ ਨੂੰ ਇਸ ਗਲਿਆਰੇ ਰਾਹੀਂ ਸਿੱਧਾ ਮੈਟਰੋ ਸੰਪਰਕ ਮਿਲੇਗਾ।