ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਮਾਰਚ
ਦਿੱਲੀ ਤੇ ਐਨਸੀਆਰ ਵਿੱਚ ਤੇਜ਼ ਗਰਮੀ ਕਹਿਰ ਢਾਹੁਣ ਲੱਗ ਪਈ ਹੈ ਅਤੇ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ, ਜੋ ਇਨ੍ਹਾਂ ਦਿਨਾਂ ਦੌਰਾਨ ਬੀਤੇ ਸਾਲਾਂ ਦੇ ਆਮ ਤਾਪਮਾਨ ਨਾਲੋਂ 7 ਡਿਗਰੀ ਵੱਧ ਹੈ। ਭਾਰਤੀ ਮੌਸਮ ਵਿਭਾਗ ਨੇ 31 ਮਾਰਚ ਨੂੰ ਵੀ ਅਜਿਹੇ ਹਾਲਤ ਬਣੇ ਰਹਿਣ ਦੀ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ ਹੈ। ਦਿੱਲੀ-ਐਨਸੀਆਰ ਗਰਮੀ ਦੀ ਲਪੇਟ ਵਿੱਚ ਹੈ ਤੇ ਜ਼ਿਆਦਾਤਰ ਸਟੇਸ਼ਨਾਂ ਦਾ ਵੱਧ ਤੋਂ ਵੱਧ ਤਾਪਮਾਨ 39 ਤੋਂ 41.5 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ ਹੈ ਜਦੋਂ ਕਿ ਸਫਦਰਜੰਗ ਦਾ ਤਾਪਮਾਨ ਰਿਕਾਰਡ 39.2 ਡਿਗਰੀ ਸੈਲਸੀਅਸ (ਦਿੱਲੀ ਲਈ ਬੇਸ ਸਟੇਸ਼ਨ ਮੰਨਿਆ ਜਾਂਦਾ ਹੈ ) ਦਰਜ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਵੀਰਵਾਰ 31 ਮਾਰਚ ਨੂੰ ਵੀ ਤੇਜ਼ ਗਰਮੀ ਦੀ ਭਵਿੱਖਬਾਣੀ ਕੀਤੀ ਹੈ। ਸਫਦਰਜੰਗ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ‘ਤੇ ਰਹਿਣ ਦੀ ਸੰਭਾਵਨਾ ਹੈ।
ਦਿੱਲੀ ਦੇ ਪਾਲਮ ਵਿੱਚ 39.3 ਡਿਗਰੀ ਸੈਲਸੀਅਸ, ਲੋਧੀ ਰੋਡ (40.1), ਰਿਜ (40.2), ਅਯਾਨਗਰ (40.2), ਜਾਫਰਪੁਰ (40.0), ਮੁੰਗੇਸ਼ਪੁਰ (39.6), ਨਜਫਗੜ੍ਹ (40.6), ਨਰੇਲਾ (41.7), ਪੀਤਮਪੁਰਾ (41.4), ਰਿਕਾਰਡ ਕੀਤਾ ਗਿਆ ਹੈ। ਸਪੋਰਟਸ ਕੰਪਲੈਕਸ, ਦਵਾਰਕਾ (41.5) ਤੇ ਐੱਸਪੀਐੱਸ ਮਯੂਰ ਵਿਹਾਰ ਵਿੱਚ 38.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਰੂਗ੍ਰਾਮ ਵਿੱਚ 40.8 ਡਿਗਰੀ ਸੈਲਸੀਅਸ, ਫਰੀਦਾਬਾਦ ਵਿੱਚ 40.7 ਤੇ ਨੋਇਡਾ ਵਿੱਚ 39.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਦਿੱਲੀ-ਐਨਸੀਆਰ ਤੋਂ ਇਲਾਵਾ ਆਈਐਮਡੀ ਨੇ ਕਿਹਾ ਕਿ ਉੱਤਰ-ਪੱਛਮੀ, ਮੱਧ ਅਤੇ ਪੱਛਮੀ ਭਾਰਤ ਵਿੱਚ ਅਗਲੇ 4-5 ਦਿਨਾਂ ਤੱਕ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਗਰਮੀ ਨਾਲ ਸਬੰਧਤ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਦਾ ਸੁਝਾਅ ਦਿੱਤਾ ਹੈ। ਵਿਭਾਗ ਨੇ ਕਿਹਾ ਕਿ ਜੋ ਲੋਕ ਲੰਬੇ ਸਮੇਂ ਲਈ ਸੂਰਜ ਦੇ ਸੰਪਰਕ ਵਿੱਚ ਰਹਿੰਦੇ ਹਨ ਜਾਂ ਭਾਰੀ ਕੰਮ ਕਰ ਰਹੇ ਹਨ, ਉਹ ਘਰੇਲੂ ਪੀਣ ਵਾਲੀਆਂ ਵਸਤਾਂ ਜਿਵੇਂ ਕਿ ਲੱਸੀ, ਚੌਲਾਂ ਦਾ ਪਾਣੀ, ਨਿੰਬੂ ਪਾਣੀ, ਮੱਖਣ ਆਦਿ ਨੂੰ ਪੀਣ।