ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਕਤੂਬਰ
ਕੌਮੀ ਰਾਜਧਾਨੀ ਖੇਤਰ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਨੇ ਨਾ ਸਿਰਫ਼ ਪਾਰਾ ਹੇਠਾਂ ਲਿਆਂਦਾ ਹੈ, ਸਗੋਂ ਵਾਹਨਾਂ ਦੀ ਆਵਾਜਾਈ ਵਿੱਚ ਵੀ ਵਿਘਨ ਪਾ ਦਿੱਤਾ। ਅੱਜ ਸਵੇਰੇ ਆਈਟੀਓ, ਡੀਐੱਨਡੀ, ਬਾਰਾਪੁੱਲਾ, ਮੁਕਰਬਾ ਚੌਕ, ਨੋਇਡਾ ਗੇਟ ਤੋਂ ਲੰਘਣ ਵਾਲੇ ਯਾਤਰੀਆਂ ਨੂੰ ਜਾਮ ਦਾ ਸਾਹਮਣਾ ਕਰਨਾ ਪਿਆ। ਸਵੇਰੇ ਹਵਾ ਦੀ ਗੁਣਵੱਤਾ 41 ਸੀ, ਜੋ ਚੰਗੀ ਸ਼੍ਰੇਣੀ ਵਿੱਚ ਸੀ। ਮੌਸਮ ਵਿਭਾਗ ਨੇ ਹਲਕੀ ਬਾਰਿਸ਼ ਦੀ ਸੰਭਾਵਨਾ ਦੇ ਨਾਲ ਆਮ ਤੌਰ ’ਤੇ ਬੱਦਲ ਛਾਏ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ। 2007 ਤੋਂ ਬਾਅਦ ਇੱਕ ਦਿਨ ਵਿੱਚ ਦੂਜੀ ਸਭ ਤੋਂ ਵੱਧ ਬਾਰਿਸ਼ ਹੈ। ਭਾਰਤ ਦੇ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, ਦਿੱਲੀ ਵਿੱਚ ਸਵੇਰੇ 8.30 ਵਜੇ ਖਤਮ ਹੋਏ 24 ਘੰਟਿਆਂ ਵਿੱਚ 74 ਮਿਲੀਮੀਟਰ ਬਾਰਿਸ਼ ਹੋਈ ਜੋ ਕਿ 2007 ਤੋਂ ਬਾਅਦ ਇੱਕ ਦਿਨ ਵਿੱਚ ਦੂਜੀ ਸਭ ਤੋਂ ਵੱਧ ਬਾਰਿਸ਼ ਹੈ। ਗੌਤਮ ਬੁੱਧ ਨਗਰ ਅਤੇ ਗਾਜ਼ੀਆਬਾਦ ਸਮੇਤ ਇੱਕ ਦਰਜਨ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਭਾਰੀ ਮੀਂਹ ਦੇ ਮੱਦੇਨਜ਼ਰ ਸੋਮਵਾਰ ਨੂੰ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ।
ਉਧਰ, ਦਿੱਲੀ ਟਰੈਫਿਕ ਪੁਲੀਸ ਨੇ 10 ਅਕਤੂਬਰ ਦੀ ਸ਼ਾਮ ਲਈ ਐਡਵਾਈਜ਼ਰੀ ਜਾਰੀ ਕੀਤੀ ਅਤੇ ਕਈ ਰੂਟਾਂ ਤੋਂ ਬਚਣ ਲਈ ਕਿਹਾ। ਟਰੈਫਿਕ ਪੁਲੀਸ ਨੇ ਟਵੀਟ ਕੀਤਾ, ‘ਵਿਸ਼ੇਸ਼ ਟਰੈਫਿਕ ਪ੍ਰਬੰਧਾਂ ਕਾਰਨ 16.40 ਤੋਂ 17.10 ਵਜੇ ਤੱਕ ਕ੍ਰਿਸ਼ਨਾ ਮੇਨਨ ਮਾਰਗ, ਅਕਬਰ ਰੋਡ, ਜਨਪਥ ਅਤੇ ਮੋਤੀ ਲਾਲ ਨਹਿਰੂ ਮਾਰਗ ਰਾਹੀਂ ਜਾਣ ਤੋਂ ਗੁਰੇਜ਼ ਕੀਤਾ ਜਾਵੇ।’ ਟਰੈਫਿਕ ਪੁਲੀਸ ਨੇ ਸੋਮਵਾਰ ਨੂੰ ਯਾਤਰੀਆਂ ਨੂੰ ਇਸਦੇ ਵਿਸ਼ੇਸ਼ ਟਰੈਫਿਕ ਪ੍ਰਬੰਧਾਂ ਦੇ ਕਾਰਨ ਸ਼ਾਮ ਨੂੰ ਕੌਮੀ ਰਾਜਧਾਨੀ ਦੇ ਕੇਂਦਰੀ ਹਿੱਸੇ ਦੀਆਂ ਕੁਝ ਸੜਕਾਂ ਤੋਂ ਬਚਣ ਲਈ ਕਿਹਾ। ਯਾਤਰੀਆਂ ਨੂੰ ਸ਼ਾਮ 4.40 ਤੋਂ ਸ਼ਾਮ 5.10 ਵਜੇ ਤੱਕ ਰੂਟ ਤੋਂ ਬਚਣ ਦੀ ਅਪੀਲ ਕੀਤੀ। ਪੁਲੀਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ।
ਦਿੱਲੀ ਦਿਹਾਤ ਦੇ ਇਲਾਕੇ ਵਿੱਚ ਫ਼ਸਲਾਂ ਬਰਬਾਦ
ਨਵੀਂ ਦਿੱਲੀ (ਪੱਤਰ ਪ੍ਰੇਰਕ) ਰਾਸ਼ਟਰੀ ਰਾਜਧਾਨੀ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਨਜ਼ਫ਼ਗੜ੍ਹ ਵਿੱਚ ਖੇਤੀਬਾੜੀ ਦੇ ਖੇਤਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਸਥਿਤੀ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਮੀਂਹ ਦਾ ਪਾਣੀ ਖੇਤਾਂ ਵਿੱਚ ਜਮ੍ਹਾਂ ਹੋਣ ਨਾਲ ਫ਼ਸਲਾਂ ਤਬਾਹ ਹੋ ਗਈਆਂ ਹਨ। ਸਥਾਨਕ ਕਿਸਾਨ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਲਾਕੇ ਦੇ ਦੋ ਪਿੰਡਾਂ ਤੇ ਨੇੜਲੇ ਡਰੇਨ ਦਾ ਮੀਂਹ ਦਾ ਪਾਣੀ ਖੇਤਾਂ ਵਿੱਚ ਆ ਰਿਹਾ ਹੈ ਜੋ ਫ਼ਸਲਾਂ ਨੂੰ ਤਬਾਹ ਕਰ ਰਿਹਾ ਹੈ। ਇੱਕ ਹੋਰ ਕਿਸਾਨ ਨੇ ਦੱਸਿਆ ਕਿ ਮੀਂਹ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਖੇਤਾਂ ਵਿੱਚ ਪਾਣੀ ਇਕੱਠਾ ਹੋ ਰਿਹਾ ਹੈ ਕਿਉਂਕਿ ਜ਼ਮੀਨ ਪਾਣੀ ਨੂੰ ਜਜ਼ਬ ਨਹੀਂ ਕਰ ਪਾਉਂਦੀ ਕਿਉਂਕਿ ਜ਼ਮੀਨ ਬਰਬਾਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਕਰਜ਼ੇ ਵਿੱਚ ਡੁੱਬੇ ਹੋਏ ਹਨ। ਉਨ੍ਹਾਂ ਅਪੀਲ ਕੀਤੀ ਕਿ ਜਮ੍ਹਾਂ ਹੋਏ ਪਾਣੀ ਨੂੰ ਤਕਨੀਕ ਦੀ ਵਰਤੋਂ ਨਾਲ ਕੱਢਿਆ ਜਾਵੇ ਤਾਂ ਜੋ ਨਵੀਆਂ ਫ਼ਸਲਾਂ ਉਗਾਈਆਂ ਜਾ ਸਕਣ। ਸ਼ਹਿਰ ਦੇ ਕੁਝ ਹਿੱਸਿਆਂ ’ਚ ਸੜਕਾਂ ’ਤੇ ਟੋਏ ਪੈ ਗਏ ਹਨ, ਭਾਰੀ ਬਾਰਿਸ਼ ਕਾਰਨ ਦਰੱਖਤਾਂ ਦਾ ਉੱਖੜ ਜਾਣਾ ਇਕ ਹੋਰ ਨੁਕਸਾਨ ਹੈ। ਹਾਲਾਂਕਿ ਸ਼ਹਿਰ ਵਿੱਚ ਬਾਰਸ਼ ਨੇ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਨੁਕਸਾਨਦੇਹ ਪੱਧਰ ਤੱਕ ਵਧਣ ਤੋਂ ਰੋਕ ਦਿੱਤਾ ਹੈ ਤੇ ਦਿੱਲੀ ਵਿੱਚ ਤਾਪਮਾਨ ਵੀ ਹੇਠਾਂ ਚਲਾ ਗਿਆ।
ਸਮਾਰਟ ਸਿਟੀ ਦੀਆਂ ਸੜਕਾਂ ਦੀ ਹਾਲਤ ਬਦਤਰ
ਫਰੀਦਾਬਾਦ (ਪੱਤਰ ਪ੍ਰੇਰਕ): ਬੀਤੇ ਦਿਨਾਂ ਦੌਰਾਨ ਪਏ ਮੀਂਹ ਕਾਰਨ ਸਮਾਰਟ ਸਿਟੀ ਦੀਆਂ ਸੜਕਾਂ ਦੀ ਹਾਲਤ ਬਦਤਰ ਹੋ ਗਈ ਹੈ। ਇਨ੍ਹਾਂ ਵਿੱਚ ਬਣੇ ਵੱਡੇ ਟੋਇਆਂ ਕਾਰਨ ਟ੍ਰੈਫਿਕ ਵਿਵਸਥਾ ਚਰਮਰਾ ਗਈ ਹੈ। ਸ਼ਹਿਰ ਵਿੱਚੋਂ ਲੰਘਦੇ ਕੌਮੀ ਸ਼ਾਹ-ਰਾਹ-2 ਉਪਰ ਬਣੇ ਮੁੱਖ ਚੌਕਾਂ ਐੱਨਐੱਚਪੀਸੀ, ਸੈਕਟਰ-29, ਸੈਕਟਰ- 16 ਪੁਰਾਣਾ ਫਰੀਦਾਬਾਦ ਚੌਕ, ਨੀਲਮ ਚੌਕ, ਬਾਟਾ ਚੌਕ ਤੇ ਵਾਈਐਮਸੀਏ ਚੌਕ ਉਪਰ ਅੱਜ ਜਾਮ ਦੇ ਹਾਲਤ ਦੁਪਹਿਰ ਤੱਕ ਬਣੇ ਰਹੇ। ਸਨਅਤੀ ਸੈਕਟਰ-24, 25 ਆਦਿ ਵਿਖੇ ਵੀ ਜਾਮ ਦੀ ਹਾਲਤ ਰਹੀ। ਸਨਅਤਕਾਰ ਸੁਖਦੇਵ ਸਿੰਘ ਖ਼ਾਲਸਾ ਨੇ ਦੱਸਿਆ ਕਿ ਕਈ ਇਲਾਕਿਆਂ ਦੀਆਂ ਸੜਕਾਂ ਟੋਇਆਂ ਦੇ ਰੂਪ ਵਿੱਚ ਬਦਲ ਚੁੱਕੀਆਂ ਹਨ ਤੇ ਉਨ੍ਹਾਂ ਵਿੱਚੋਂ ਲੁੱਕ ਅਤੇ ਬਜਰੀ ਉੱਖੜ ਚੁੱਕੀ ਹੈ।
ਕੌਮੀ ਰਾਜਧਾਨੀ ਵਿੱਚ ਡੇਂਗੂ ਦੇ ਮਾਮਲੇ ਘਟੇ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਵਿੱਚ ਪਿਛਲੇ ਹਫ਼ਤੇ ਡੇਂਗੂ ਦੇ 321 ਮਾਮਲੇ ਸਾਹਮਣੇ ਆਏ ਹਨ ਜੋ ਕਿ ਪਿਛਲੇ ਹਫ਼ਤੇ ਤੋਂ 91 ਘੱਟ ਹਨ। ਉਦੋਂ 412 ਮਾਮਲੇ ਸਾਹਮਣੇ ਆਏ ਸਨ। ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਡੇਂਗੂ ਦੇ ਮਾਮਲਿਆਂ ਦੀ ਗਿਣਤੀ ਘੱਟ ਗਈ ਹੈ। ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਸਿਖਰ ’ਤੇ ਪਹੁੰਚ ਗਏ ਹਨ। ਐੱਮਸੀਡੀ ਅਧਿਕਾਰੀਆਂ ਮੁਤਾਬਕ ਮੀਂਹ ਕਾਰਨ ਤਾਪਮਾਨ ਹੇਠਾਂ ਜਾਣ ਕਾਰਨ ਕੇਸਾਂ ਦੇ ਵਧਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੀਂਹ, ਘੱਟ ਤਾਪਮਾਨ ਤੇ ਨਮੀ ਹੋਣ ਕਰਕੇ ਅਜਿਹੇ ਵਾਤਾਵਰਣ ਵਿੱਚ ਮੱਛਰ ਪੈਦਾ ਹੋਣ ਦੀ ਸੰਭਾਵਨਾ ਘੱਟ ਹੈ। ਨਗਰ ਨਿਗਮ ਦੀ ਰਿਪੋਰਟ ਅਨੁਸਾਰ ਪਿਛਲੇ ਹਫ਼ਤੇ ਸਾਹਮਣੇ ਆਏ 321 ਕੇਸਾਂ ਤੋਂ ਇਲਾਵਾ ਹੋਰ ਰਾਜਾਂ ਤੋਂ ਲਏ ਗਏ ਸਨ ਤੇ 120 ਮਾਮਲਿਆਂ ਵਿੱਚ ਹਸਪਤਾਲਾਂ ਨੇ ਮਰੀਜ਼ਾਂ ਦਾ ਪਤਾ ਨਹੀਂ ਦਿੱਤਾ।