ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਦੀ ਦੇ ਕਾਲਜਾਂ, ਸਕੂਲਾਂ, ਤਕਨੀਕੀ ਸਿੱਖਿਆ ਸੰਸਥਾਵਾਂ ਸਮੇਤ ਇਤਿਹਾਸਕ ਗੁਰਦੁਆਰਿਆਂ ਦੇ ਨਾਲ ਜੁੜੇ ਹਸਪਤਾਲਾਂ ਦੇ ਚੇਅਰਮੈਨ, ਮੈਨੇਜਰ ਤੇ ਹੋਰ ਅਹੁਦੇਦਾਰੀਆਂ ਲਈ ਕਮੇਟੀ ਮੈਂਬਰਾਂ ਵੱਲੋਂ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਮੌਜੂਦਾ ਕਮੇਟੀ ਹਾਕਮਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਦੇ ਦੋ ਧੜੇ ਹਨ ਤੇ ਉਨ੍ਹਾਂ ਦੀ ਕਮਾਨ ਦਿੱਲੀ ਕਮੇਟੀ ਵਿੱਚ ਕ੍ਰਮਵਾਰ ਜਗਦੀਪ ਸਿੰਘ ਕਾਹਲੋਂ (ਜਨਰਲ ਸਕੱਤਰ) ਤੇ ਸ੍ਰੀ ਕਾਲਕਾ ਖ਼ੁਦ ਕਰ ਰਹੇ ਹਨ। ਜਦੋਂ ਤੋਂ ਕਮੇਟੀ ਨੇ ਚਾਰਜ ਸਾਂਭਿਆ ਹੈ, ਉੱਦੋਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਨਾਮ ਦਿੱਲੀ ਕਮੇਟੀ ਦੇ ਜਾਰੀ ਹੁੰਦੇ ਦਸਤਾਵੇਜ਼ਾਂ ਉਪਰੋਂ ਚੁੱਪ-ਚਾਪ ਗਾਇਬ ਹੋ ਗਿਆ ਹੈ ਤੇ ਦਲ ਦੀ ਬਣਤਰ ਬਣਨੀ ਵੀ ਰੁਕੀ ਪਈ ਹੈ।
ਦਿੱਲੀ ਕਮੇਟੀ ਦੇ 5 ਅਹੁਦੇਦਾਰਾਂ ਤੋਂ ਇਲਾਵਾ, ਜੋ ਬਾਕੀ ਬਚਦੇ ਅਹਿਮ ਜਿੱਤੇ ਮੈਂਬਰਾਂ ਹਨ, ਨੂੰ ‘ਅਡਜਸਟ’ ਕਰਨ ਲਈ ਉਕਤ ਸੰਸਥਾਵਾਂ ਦੀਆਂ ਅਹੁਦੇਦਾਰੀਆਂ ਨਿਵਾਜ ਕੇ ਖੁਸ਼ ਕੀਤਾ ਜਾਵੇਗਾ। ਹੁਣ ਮੈਂਬਰਾਂ ਵੱਲੋਂ ਜੋੜ-ਤੋੜ ਜਾਰੀ ਹੈ ਤੇ ਉਹ ਲਾਮਬੰਦੀ ਲਈ ਜੁੱਟ ਗਏ ਹਨ। ਕਰੀਬ 4-5 ਮੈਂਬਰਾਂ ਦੇ ਵਿਰੋਧੀ ਧਿਰਾਂ ਵਿੱਚੋਂ ਦਲਬਦਲੀ ਕਰਕੇ ਮੌਜੂਦਾ ਧਿਰ ਨਾਲ ਮਿਲਣ ਦੀਆਂ ਵੀ ਕਨਸੋਆਂ ਹਨ ਤੇ ਦਲਬਦਲੀ ਕਰਨ ਵਾਲਿਆਂ ਨੂੰ ਵੀ ਉਕਤ ਸੰਸਥਾਵਾਂ ਵਿੱਚੋਂ ਅਹੁਦੇਦਾਰੀਆਂ ਦਿੱਤੀਆਂ ਜਾ ਸਕਦੀਆਂ ਹਨ। ਮੌਜੂਦਾ ਹਾਕਮ ਅਜੇ ਅਦਾਲਤੀ ਗੇੜਾਂ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ, ਜੋ ਵਿਰੋਧੀ ਧਿਰ ਵੱਲੋਂ ਵਰਤਮਾਨ ਕਮੇਟੀ ਨੂੰ ਚੁਣੌਤੀ ਦੇਣ ਮਗਰੋਂ ਅਗਲੇ ਹਫ਼ਤਿਆਂ ਵਿੱਚ ਸ਼ੁਰੂ ਹੋਣ ਵਾਲੀ ਹੈ। ਕਮੇਟੀ ਦੇ ਮੈਨੇਜਰਾਂ ਤੇ ਮੁਲਾਜ਼ਮਾਂ ਵੱਲੋਂ ਵੀ ਮੁੱਖ ਦਫ਼ਤਰ ਵਿੱਚ ਆਪਣੀ ਡਿਊਟੀ ਲਗਵਾਉਣ ਲਈ ਜੋੜ-ਤੋੜ ਕੀਤੇ ਜਾ ਰਹੇ ਹਨ।