ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਜੂਨ
ਓਮਾਨ ਤੋਂ ਅੱਜ ਸੱਤ ਲੜਕੀਆਂ ਅਤੇ ਲੜਕਾ ਆਪਣੇ ਵਤਨ ਪਰਤ ਆਏ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪਿਛਲੇ ਮਹੀਨੇ ਸ਼ੁਰੂ ਕੀਤਾ ਮਿਸ਼ਨ ਹੋਪ ਸਫੰਲਤਾ ਪ੍ਰਾਪਤ ਕਰ ਰਿਹਾ ਹੈ ਅਤੇ ਓਮਾਨ ਵਿੱਚ ਫਸੀ ਹਰ ਪੰਜਾਬੀ ਕੁੜੀ ਨੂੰ ਵਾਪਸ ਲਿਆਉਣ ਲਈ ਵਚਨਬੱਧ ਹਾਂ। ਸ੍ਰੀ ਸਾਹਨੀ ਨੇ ਦੱਸਿਆ ਕਿ ਉਨ੍ਹਾਂ ਨੇ ਓਮਾਨ ਵਿੱਚ ਬਹੁਤ ਨਾਮੀ ਇਮੀਗ੍ਰੇਸ਼ਨ ਲਾਅ ਫਰਮ ਨੂੰ ਹਾਇਰ ਕੀਤਾ ਹੈ, ਜੋ ਇਨ੍ਹਾਂ ਲੜਕੀਆਂ ਨੂੰ ਘਰ ਲਿਆਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਾਨੂੰਨੀ ਲੜਾਈ ਲੜ ਰਹੀ ਹੈ। ਵਕੀਲਾਂ ਨੇ ਇਨ੍ਹਾਂ ਔਰਤਾਂ ਦੇ ਸਪਾਂਸਰਾਂ ਅਤੇ ਏਜੰਟਾਂ ਨਾਲ ਸੰਪਰਕ ਕੀਤਾ ਹੈ ਤਾਂ ਜੋ ਲੜਕੀਆਂ ਦੇ ਘਰ ਵਾਪਸ ਜਾਣ ਅਤੇ ਲੋੜੀਂਦੇ ਜੁਰਮਾਨੇ ਦਾ ਭੁਗਤਾਨ ਕਰਨ ਲਈ ਸਾਰੇ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਅੱਜ ਆਈਆਂ ਲੜਕੀਆਂ ਜਲੰਧਰ, ਲੁਧਿਆਣਾ, ਤਰਨਤਾਰਨ, ਮਾਨਸਾ ਦੀਆਂ ਵਸਨੀਕ ਹਨ। ਰੁਜ਼ਗਾਰ ਲਈ ਓਮਾਨ ਚਲੇ ਗਏ ਅਤੇ ਫਸੇ ਜਲੰਧਰ ਦੇ ਲੜਕੇ ਨੂੰ ਵੀ ਵਾਪਸ ਲਿਆਂਦਾ ਗਿਆ ਹੈ। ਸ੍ਰੀ ਸਾਹਨੀ ਜੋ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਵੀ ਹਨ, ਇਨ੍ਹਾਂ ਵਾਪਸ ਲਿਆਂਦੀਆਂ ਲੜਕੀਆਂ ਤੇ ਲੜਕਿਆਂ ਦੀਆਂ ਹਵਾਈ ਟਿਕਟਾਂ, ਦਿੱਲੀ ਹਵਾਈ ਅੱਡੇ ਤੋਂ ਉਨ੍ਹਾਂ ਦੇ ਘਰਾਂ ਤੱਕ ਦੇ ਕਿਰਾਏ ਤੋਂ ਇਲਾਵਾ ਸਪਾਂਸਰ ਵੱਲੋਂ ਲੜਕੀਆਂ ਨੂੰ ਨਾਜਾਇਜ਼ ਠੇਕਿਆਂ ਦੇ ਆਧਾਰ ‘ਤੇ ਲਗਾਏ ਜੁਰਮਾਨੇ ਦਾ ਸਾਰਾ ਖਰਚਾ ਸਹਿਣ ਕਰ ਰਹੇ ਹਨ| ਸ੍ਰੀ ਸਾਹਨੀ ਨੇ ਇਹ ਵੀ ਕਿਹਾ ਕਿ ਇਹ ਸਾਰੀਆਂ ਸੱਤ ਲੜਕੀਆਂ ਭਲਕੇ ਆਪਣੇ ਨੇੜਲੇ ਥਾਣਿਆਂ ਵਿੱਚ ਜਾ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਐੱਸਆਈਟੀ ਤਹਿਤ ਉਨ੍ਹਾਂ ਦੇ ਨਾਲ ਠੱਗੀ ਮਾਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਵਾਉਣਗੀਆਂ।