ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਦੇਸ਼ ਵਿੱਚ ਵਧੀ ਮਹਿੰਗਾਈ, ਬੇਰੁਜ਼ਗਾਰੀ ਤੇ ਜੀਐੱਸਟੀ ਦੇ ਮੁੱਦੇ ’ਤੇ ਦਿੱਲੀ ਦੇ ਇਤਿਹਾਸਕ ਰਾਮ ਲੀਲਾ ਮੈਦਾਨ ਵਿੱਚ ਭਲਕੇ ਚਾਰ ਸਤੰਬਰ ਨੂੰ ਹੋਣ ਵਾਲੀ ‘ਮਹਿੰਗਾਈ ਪਰ ਹੱਲਾ ਬੋਲ’ ਰੈਲੀ ਵਾਸਤੇ ਦਿੱਲੀ ਪ੍ਰਦੇਸ਼ ਕਾਂਗਰਸ ਨੇ ਕਮਰ ਕੱਸ ਲਈ ਹੈ। ਪਾਰਟੀ ਕਾਰਕੁਨਾਂ ਨੂੰ ਰੈਲੀ ਵਿੱਚ ਲੋਕਾਂ ਦਾ ਇੱਕਠ ਦਿਖਾਉਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਫਰੀਦਾਬਾਦ, ਬੱਲਭਗੜ੍ਹ, ਪਲਵਲ, ਗੁਰੂਗ੍ਰਾਮ, ਮੈਵਾਤ, ਸੋਨੀਪਤ, ਪਾਣੀਪਤ, ਬਹਾਦਰਗੜ੍ਹ ਤੇ ਯੂਪੀ ਦੇ ਨੋਇਡਾ, ਗਾਜ਼ੀਆਬਾਦ ਤੇ ਲੋਨੀ ਆਦਿ ਦੇ ਆਗੂਆਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ। ਦਿੱਲੀ ਦੇ ਪ੍ਰਧਾਨ ਅਨਿਲ ਕੁਮਾਰ ਤੇ ਹੋਰ ਆਗੂਆਂ ਵੱਲੋਂ ਬੀਤੇ ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਕਾਰਕੁਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਪਾਰਟੀ ਨੂੰ ਦਿੱਲੀ ਵਿੱਚ ਮੁੜ ਪੈਰਾਂ ਉਪਰ ਖੜ੍ਹੇ ਕਰਨ ਦੀ ਕੋਸ਼ਿਸ਼ ਰਾਮ ਲੀਲਾ ਮੈਦਾਨ ਦੀ ਰੈਲੀ ਰਾਹੀਂ ਕੀਤੀ ਜਾ ਰਹੀ ਹੈ। 15 ਸਾਲ ਲਗਾਤਾਰ ਦਿੱਲੀ ਵਿੱਚ ਰਾਜ ਚਲਾਉਣ ਵਾਲੀ ਕਾਂਗਰਸ ਦਾ ਇੱਕ ਵੀ ਵਿਧਾਇਕ ਦਿੱਲੀ ਵਿਧਾਨ ਸਭਾ ਵਿੱਚ ਨਹੀਂ ਹੈ ਤੇ ਦਿੱਲੀ ਨਗਰ ਨਿਗਮ ਵਿੱਚ ਵੀ ਕਾਂਗਰਸ ਦੀ ਹਾਲਤ ਪਤਲੀ ਹੈ। ਕਾਂਗਰਸ ਦੇ ਵੋਟ ਬੈਂਕ ਉਪਰ ਬਹੁਤਾ ਕਰਕੇ ‘ਆਪ’ ਦਾ ਕਬਜ਼ਾ ਹੋ ਚੁੱਕਾ ਹੈ।
ਦਿੱਲੀ ਪ੍ਰਦੇਸ਼ ਕਾਂਗਰਸ ਵੱਲੋਂ ਬੀਤੇ ਦਿਨਾਂ ਦੌਰਾਨ ਮਹਿੰਗਾਈ ਖ਼ਿਲਾਫ਼ ਭਾਜਪਾ ਉਪਰ ਹੱਲੇ ਬੋਲੇ ਗਏ ਸਨ ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ ਜਿਨ੍ਹਾਂ ਵਿੱਚ ਮਹਿਲਾ ਵਿੰਗ, ਯੂਥ ਵਿੰਗ ਤੇ ਵਪਾਰੀ ਵਿੰਗ ਸ਼ਮੂਲੀਅਤ ਕਰਦੇ ਆਏ ਸਨ। ਉਕਤ ਰੈਲੀ ਦੌਰਾਨ ਕਾਂਗਰਸ ਦੀ ‘ਭਾਰਤ ਜੋੜੇ ਯਾਤਰਾ’ ਬਾਰੇ ਵੀ ਪਾਰਟੀ ਕਾਰਕੁਨਾਂ ਨੂੰ ਸੰਦੇਸ਼ ਦਿੱਤਾ ਜਾ ਸਕਦਾ ਹੈ।