ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ’ਚ ਕਮੇਟੀ ਦੇ ਪ੍ਰਚਾਰਕਾਂ ਅਤੇ ਗ੍ਰੰਥੀ ਸਾਹਿਬਾਨਾਂ ਦੀ ਮੀਟਿੰਗ ਹੋਈ, ਜਿਸ ’ਚ ਦਿੱਲੀ-ਐੱਨਸੀਆਰ ਵਿੱਚ ਸਿੱਖ ਧਰਮ ਦੇ ਪ੍ਰਚਾਰ ਲਈ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਸਬੰਧੀ ਰੂਪ-ਰੇਖਾ ਤੈਅ ਕੀਤੀ ਗਈ। ਚੇਅਰਮੈਨ ਨੇ ਦੱਸਿਆ ਕਿ ਸਿੱਖ ਕੌਮ ਦੀ ਰਹਿਤ-ਮਰਿਆਦਾ, ਸਿੱਖੀ ਸਿਧਾਂਤਾਂ ਅਤੇ ਸੰਸਕਾਰਾਂ ਦੀ ਜਾਣਕਾਰੀ ਦੇਣ ਲਈ ਦਿੱਲੀ-ਐਨਸੀਆਰ ਵਿੱਚ ਵੱਡੇ ਪੱਧਰ ’ਤੇ ਸਮਾਗਮ ਅਤੇ ਸੰਗਤ ਦਰਸ਼ਨ ਪ੍ਰੋਗਰਾਮ ਉਲੀਕੇ ਜਾਣਗੇ। ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ’ਚ ਕਮੇਟੀ ਦੇ ਪ੍ਰਚਾਰਕਾਂ ਵੱਲੋਂ ਗੁਰਮਤਿ ਅਤੇ ਗੁਰਬਾਣੀ ’ਤੇ ਵਿਚਾਰ ਚਰਚਾ ਦੇ ਨਾਲ-ਨਾਲ ਸੰਗਤ ਨਾਲ ਸੰਵਾਦ ਵੀ ਕੀਤਾ ਜਾਵੇਗਾ ਅਤੇ ਸੰਗਤ ਦੇ ਹਰ ਪ੍ਰਸ਼ਨ ਦਾ ਉੱਤਰ ਦਿੱਤਾ ਜਾਵੇਗਾ।