ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜਨਵਰੀ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਹਰ ਸਾਲ ਫੰਡ ਨਾ ਮਿਲਣ ਦੀ ਦੁਹਾਈ ਦੇਣ ਵਾਲੀ ਭਾਜਪਾ ਦੀ ਸੱਤਾ ਵਾਲੀ ਐੱਮਸੀਡੀ ਨੇ ਦਿੱਲੀ ਸਰਕਾਰ ਵੱਲੋਂ 221.56 ਕਰੋੜ ਰੁਪਏ ਮਿਲਣ ਦੇ ਬਾਵਜੂਦ ਸਿਰਫ਼ 141.45 ਕਰੋੜ ਹੀ ਖਰਚ ਕੀਤੇ ਹਨ। ਦਿੱਲੀ ਹਾਈ ਕੋਰਟ ਵੱਲੋਂ ਵਾਰ-ਵਾਰ ਤਾੜਨਾ ਕਰਨ ਦੇ ਬਾਵਜੂਦ ਐੱਮਸੀਡੀ ਨੇ ਡੇਂਗੂ ਦੀ ਰੋਕਥਾਮ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਐੱਮਸੀਡੀ ਦੀ ਸਾਰੀ ਕਾਰਵਾਈ ਸਿਰਫ਼ ਕਾਗਜ਼ਾਂ ’ਤੇ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਨਾਕਾਮੀ ਤੇ ਭ੍ਰਿਸ਼ਟਾਚਾਰ ਕਾਰਨ ਐੱਮਸੀਡੀ ਵਿੱਚ ਫੇਲ੍ਹ ਹੋਈ ਹੈ।
ਭਾਰਦਵਾਜ ਨੇ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਦਿੱਲੀ ਅੰਦਰ ਪ੍ਰਾਇਮਰੀ ਹੈਲਥਕੇਅਰ ਤੇ ਪਬਲਿਕ ਹੈਲਥਕੇਅਰ ਸਿੱਧੇ ਦਿੱਲੀ ਨਗਰ ਨਿਗਮ ਦੇ ਅਧੀਨ ਆਉਂਦੇ ਹਨ, ਚਾਹੇ ਡਿਸਪੈਂਸਰੀ ਦਾ ਕੰਮ ਹੋਵੇ, ਚਾਹੇ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਦੀ ਰੋਕਥਾਮ ਦਾ ਹੋਵੇ, ਚਾਹੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਡੀ.ਬੀ.ਸੀਜ਼ ਦੀ ਨਿਯੁਕਤੀ ਹੋਵੇ ਤੇ ਭਾਵੇਂ ਫੌਗਿੰਗ ਦਾ ਕੰਮ ਹੋਵੇ, ਇੱਥੇ ਸਾਰਾ ਕੰਮ ਦਿੱਲੀ ਨਗਰ ਨਿਗਮ ਦੇ ਅਧੀਨ ਆਉਂਦਾ ਹੈ। ਪਿਛਲੇ ਦੋ ਮਹੀਨਿਆਂ ’ਚ ਦੇਖਿਆ ਕਿ ਡੇਂਗੂ ਦਿੱਲੀ ‘ਚ ਕਾਫੀ ਫੈਲ ਗਿਆ ਹੈ। ਕਈ ਲੋਕਾਂ ਨੂੰ ਇਸ ਦਾ ਨੁਕਸਾਨ ਹੋਇਆ, ਜਿਸ ਲਈ ਦਿੱਲੀ ਹਾਈਕੋਰਟ ਨੇ ਵਾਰ-ਵਾਰ ਐਮਸੀਡੀ ਦੀ ਖਿਚਾਈ ਕੀਤੀ ਤੇ ਡੇਂਗੂ ’ਤੇ ਸਖਤ ਰੁਖ ਲਿਆ।’’