ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਮਾਰਚ
ਆਮ ਆਦਮੀ ਪਾਰਟੀ ਨੇ ਅੱਜ ਸਵੇਰੇ 11 ਵਜੇ ਮਨੁੱਖੀ ਲੜੀ ਬਣਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਦਿੱਲੀ ਦੇ ਸਾਰੇ ਫਲਾਈਓਵਰਾਂ ’ਤੇ ਬੈਨਰ ਲਗਾਏ। ਜਿਸ ਵਿੱਚ ‘ਭਾਜਪਾ ਨੇ ਐਮਸੀਡੀ ਚੋਣਾਂ ਰੱਦ ਕਰ ਦਿੱਤੀਆਂ, ਭਾਜਪਾ ਹਾਰ ਦੇ ਡਰੋਂ ਭੱਜ ਗਈ’ ਆਦਿ ਲਿਖਿਆ ਹੋਇਆ ਸੀ। ‘ਆਪ’ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਟੀਚਾ ਲੋਕਾਂ ਨੂੰ ਜਾਗਰੂਕ ਕਰਨਾ ਹੈ। ਭਾਜਪਾ ਨੇ ਐੱਮਸੀਡੀ ਚੋਣਾਂ ਰੱਦ ਕਰਕੇ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਹ ਚੋਣ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ। ਚੋਣ ਰੱਦ ਕਰਨਾ ਭਾਜਪਾ ਦਾ ਹੰਕਾਰ ਦਰਸਾਉਂਦਾ ਹੈ। ਸ੍ਰੀ ਪਾਠਕ ਨੇ ਕਿਹਾ ਕਿ ਭਾਜਪਾ ਨੂੰ ਅਹਿਸਾਸ ਹੋ ਗਿਆ ਹੈ ਕਿ ਇਸ ਵਾਰ ਦੀਆਂ ਐੱਮਸੀਡੀ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਯਕੀਨੀ ਹੈ। ਇਸੇ ਡਰ ਕਾਰਨ ਉਸ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਚੋਣ ਮੁਲਤਵੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਲਾਈਓਵਰਾਂ ’ਤੇ ਇਹ ਬੈਨਰ ਦਿੱਲੀ ਦੇ ਲੋਕਾਂ ਨੂੰ ਯਾਦ ਦਿਵਾਉਂਦੇ ਰਹਿਣਗੇ ਕਿ ਚੋਣਾਂ ਮੁਲਤਵੀ ਕਰ ਦਿੱਤੀਆਂ ਹਨ ਅਤੇ ਏਕੀਕਰਨ ਦੀ ਗੱਲ ਕੀਤੀ ਹੈ, ਜਿਸ ਨਾਲ ਉਨ੍ਹਾਂ ਨੂੰ ਦਿੱਲੀ ਨੂੰ ਲੁੱਟਣ ਲਈ 6 ਮਹੀਨੇ ਹੋਰ ਮਿਲਣਗੇ। ਭਾਜਪਾ ਦਾ 5 ਸਾਲ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ। ਇਸ ਲਈ ਚੋਣ ਮੁਲਤਵੀ ਕਰਨਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਲੜਾਈ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਭਾਜਪਾ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ। ਦਿੱਲੀ ਦੇ ਲੋਕਾਂ ਨਾਲ ਮਿਲ ਕੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਐੱਮਸੀਡੀ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣ। ਅਸੀਂ ਭਾਜਪਾ ਦੀ ਲੁੱਟ ਨੂੰ ਪੂਰਾ ਨਹੀਂ ਹੋਣ ਦੇਵਾਂਗੇ।
ਨਿਗਮ ਚੋਣਾਂ ਲਈ ‘ਆਪ’ ਨੇ ਸੁਪਰੀਮ ਕੋਰਟ ਦੇ ਦਰ ਖੜਕਾਏ
ਦਿੱਲੀ: ‘ਆਪ’ ਨੇ ਕੇਂਦਰ ਸਰਕਾਰ ਦੇ ਕਿਸੇ ਵੀ ਦਖਲ ਤੋਂ ਬਿਨਾਂ ਦਿੱਲੀ ਵਿੱਚ ਮਿਉਂਸਪਲ ਚੋਣਾਂ ਨੂੰ ਆਜ਼ਾਦ, ਨਿਰਪੱਖ ਤੇ ਤੇਜ਼ੀ ਨਾਲ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਇਹ ਪਟੀਸ਼ਨ ਦਿੱਲੀ ਰਾਜ ਚੋਣ ਕਮਿਸ਼ਨ ਵੱਲੋਂ ਉਪ ਰਾਜਪਾਲ ਦਾ ਹਵਾਲਾ ਦਿੰਦੇ ਹੋਏ ਐੱਮਸੀਡੀ ਚੋਣਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਬਾਅਦ ਦਾਇਰ ਕੀਤੀ ਗਈ। ਇਸ ਵਿੱਚ ਕਿਹਾ ਗਿਆ ਕਿ ਕੇਂਦਰ ਦਿੱਲੀ ਦੇ ਤਿੰਨਾਂ ਨਗਰ ਨਿਗਮਾਂ ਨੂੰ ਮਰਜ਼ ਕਰਨ ਲਈ ਕਾਨੂੰਨ ਪਾਸ ਕਰਨ ਦਾ ਇਰਾਦਾ ਰੱਖ ਰਿਹਾ ਹੈ। ‘ਆਪ’ ਦੇ ਨੇਤਾਵਾਂ ਅੰਕੁਸ਼ ਨਾਰੰਗ ਅਤੇ ਮਨੋਜ ਕੁਮਾਰ ਤਿਆਗੀ ਵੱਲੋਂ ਦਾਇਰ ਪਟੀਸ਼ਨ ਵਿੱਚ ਮਈ 2022 ਵਿੱਚ ਦਿੱਲੀ ਦੇ ਨਗਰ ਨਿਗਮਾਂ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਰਾਜ ਚੋਣ ਕਮਿਸ਼ਨ ਅਨੁਸਾਰ ਦਿੱਲੀ ਵਿੱਚ ਨਗਰ ਨਿਗਮ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ। ਐਡਵੋਕੇਟ ਸ਼ਾਦਾਨ ਫਰਾਸਾਤ ਵੱਲੋਂ ਦਾਇਰ ਪਟੀਸ਼ਨ ਵਿੱਚ ਰਾਜ ਚੋਣ ਕਮਿਸ਼ਨ ’ਤੇ ਭਾਰਤ ਸਰਕਾਰ ਦਾ ਬੇਰਹਿਮ ਪ੍ਰਭਾਵ ਤੇ ਮਿਉਂਸਪਲ ਚੋਣਾਂ ਦੇ ਸੰਚਾਲਨ ਨਾਲ ਇਸ ਦੀ ਸਪੱਸ਼ਟ ਦਖਲਅੰਦਾਜ਼ੀ ਇਸ ਰਿੱਟ ਪਟੀਸ਼ਨ ਦਾ ਵਿਸ਼ਾ ਹੈ।