ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਫਰਵਰੀ
ਆਮ ਆਦਮੀ ਪਾਰਟੀ ਨੇ ਸਫ਼ਾਈ ਕਰਮਚਾਰੀਆਂ ਦੀਆਂ ਨੌਕਰੀਆਂ ਯਕੀਨੀ ਬਣਾਉਣ ਲਈ ਭਾਜਪਾ ਦੇ ਐੱਮਸੀਡੀ ਦੇ ਐਲਾਨ ਨੂੰ ‘ਜੁਮਲਾ’ ਕਰਾਰ ਦਿੱਤਾ ਹੈ। ‘ਆਪ’ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਕੱਲ੍ਹ ਆਦੇਸ਼ ਗੁਪਤਾ ਨੇ ਇੱਕ ਵਾਰ ਫਿਰ ਸਵੀਪਰਾਂ ਦੀਆਂ ਨੌਕਰੀਆਂ ਯਕੀਨੀ ਬਣਾਉਣ ਦਾ ਐਲਾਨ ਕੀਤਾ ਹੈ। ਸਫ਼ਾਈ ਕਰਮਚਾਰੀਆਂ ਨੇ ਉਨ੍ਹਾਂ ਨੂੰ ਫ਼ੋਨ ’ਤੇ ਦੱਸਿਆ ਕਿ ਭਾਜਪਾ ਸਾਲਾਂ ਤੋਂ ਐਲਾਨ ਕਰ ਰਹੀ ਹੈ ਪਰ ਉਨ੍ਹਾਂ ਨੂੰ ਲਾਗੂ ਨਹੀਂ ਕਰਦੀ। ਦੁਰਗੇਸ਼ ਪਾਠਕ ਨੇ ਦੱਸਿਆ ਕਿ ਉਨ੍ਹਾਂ ਨੇ ਕਰੋਨਾ ਦੌਰਾਨ ਮਰਨ ਵਾਲੇ ਸਫ਼ਾਈ ਕਰਮਚਾਰੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਉਨ੍ਹਾਂ ਨੂੰ ਇੱਕ ਵੀ ਰੁਪਇਆ ਨਹੀਂ ਦਿੱਤਾ। ਪ੍ਰੈਸ ਕਾਨਫਰੰਸ ਵਿੱਚ ਮੌਜੂਦ ਵਿਧਾਇਕ ਕੁਲਦੀਪ ਕੁਮਾਰ ਨੇ ਕਿਹਾ ਕਿ ਆਦੇਸ਼ ਗੁਪਤਾ ਨੇ ਐਲਾਨ ਤਾਂ ਕੀਤਾ ਪਰ ਨਾ ਤਾਂ ਪੋਸਟ ਦਾ ਜ਼ਿਕਰ ਕੀਤਾ, ਨਾ ਹੀ ਫੰਡ ਅਲਾਟ ਕੀਤੇ ਤੇ ਨਾ ਹੀ ਇਸ ਦੀ ਪ੍ਰਕਿਰਿਆ ਸਾਂਝੀ ਕੀਤੀ। ਭਾਜਪਾ ਸ਼ਾਸਤ ਐੱਮਸੀਡੀ ਸਾਲਾਂ ਤੋਂ ਸਫ਼ਾਈ ਕਰਮਚਾਰੀਆਂ ਨੂੰ ਝੂਠ ਤੇ ਝੂਠ ਦੀ ਪਰੋਸ ਰਹੀ ਹੈ। ਸ੍ਰੀ ਪਾਠਕ ਨੇ ਮੰਗਲਵਾਰ ਨੂੰ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੱਲ੍ਹ ਉਹ ਭਾਰਤੀ ਜਨਤਾ ਪਾਰਟੀ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਸੀ। ਇਸ ਵਿੱਚ ਭਾਜਪਾ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ, ਤਿੰਨੋਂ ਮੇਅਰ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਸ ਮੌਕੇ ਆਦੇਸ਼ ਗੁਪਤਾਦੀਆਂ ਗੱਲਾਂ ਵਿਚ ਆਤਮ-ਵਿਸ਼ਵਾਸ ਦੀ ਘਾਟ ਸਾਫ਼ ਨਜ਼ਰ ਆ ਰਹੀ ਸੀ। ਇਕ ਵਾਰ ਫਿਰ ਆਦੇਸ਼ ਗੁਪਤਾ ਝੂਠ ਦਾ ਪੁਲੰਦਾ ਖੋਲ੍ਹਦੇ ਨਜ਼ਰ ਆਏ। ਸ੍ਰੀ ਪਾਠਕ ਨੇ ਕਿਹਾ ਭਾਜਪਾ ਦੇ ਗ੍ਰਹਿ ਮੰਤਰੀ ਤੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਖੁਦ ਕਹਿੰਦੇ ਹਨ ਕਿ ਅਸੀਂ ‘ਜੁਮਲਾ’ ਪਾਰਟੀ ਹਾਂ। ਅਸੀਂ ਚੋਣਾਂ ਦੌਰਾਨ ਜੁਮਲਾ ਕਰਦੇ ਰਹਿੰਦੇ ਹਾਂ। ਪਰ ਭਾਜਪਾ ਦੀ ਕੱਲ੍ਹ ਹੋਈ ਪ੍ਰੈੱਸ ਕਾਨਫਰੰਸ ਵਿੱਚ ਸਾਫ਼ ਹੋ ਗਿਆ ਕਿ ਉਹ ਹਾਰ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਸਾਲਾਂ ਤੋਂ ਮੰਗ ਸੀ ਕਿ ਉਨ੍ਹਾਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਜਾਣ। ਉਨ੍ਹਾਂ ਨੂੰ ਰੈਗੂਲਰ ਕਰਨ ਦਾ ਐਲਾਨ ਕੱਲ੍ਹ ਦੀ ਪ੍ਰੈੱਸ ਕਾਨਫਰੰਸ ਵਿੱਚ ਕੀਤਾ ਗਿਆ। ਪ੍ਰੈੱਸ ਕਾਨਫਰੰਸ ਦੇ ਅੰਤ ਵਿੱਚ ਸੈਂਕੜੇ ਮੁਲਾਜ਼ਮਾਂ ਨੇ ਫੋਨ ਕਰਕੇ ਕਿਹਾ ਕਿ ਇਹ ਲੋਕ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਹਰ ਸਾਲ ਇਹੀ ਐਲਾਨ ਤਾਂ ਕਰਦੇ ਹਨ ਪਰ ਲਾਗੂ ਨਹੀਂ ਕਰਦੇ।