ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਅਪਰੈਲ
ਆਮ ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ ਦੇ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਕਰੋਲ ਬਾਗ ਦੇ ਦੇਵ ਨਗਰ ਵਾਰਡ ਤੋਂ ਕੌਂਸਲਰ ਮਹੇਸ਼ ਖਿਚੀ ਨੂੰ ਮੇਅਰ ਦਾ ਉਮੀਦਵਾਰ ਅਤੇ ਕਿਰਾੜੀ ਦੇ ਅਮਨ ਵਿਹਾਰ ਤੋਂ ਕੌਂਸਲਰ ਰਵਿੰਦਰ ਭਾਰਦਵਾਜ ਨੂੰ ਡਿਪਟੀ ਮੇਅਰ ਦਾ ਉਮੀਦਵਾਰ ਬਣਾਇਆ ਹੈ।
ਉਮੀਦਵਾਰਾਂ ਦਾ ਐਲਾਨ ਕਰਦਿਆਂ ‘ਆਪ’ ਦਿੱਲੀ ਦੇ ਸੂਬਾ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਦੋਵੇਂ ਲੋਕ ਲਹਿਰ ਦੇ ਸਮੇਂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਦੋਵੇਂ ਆਗੂ ਦਿੱਲੀ ਨਗਰ ਨਿਗਮ ਵਿੱਚ ‘ਆਪ’ ਸਰਕਾਰ ਵੱਲੋਂ ਸ਼ੁਰੂ ਕੀਤੇ ਚੰਗੇ ਕੰਮਾਂ ਨੂੰ ਅੱਗੇ ਵਧਾਉਣਗੇ ਅਤੇ ਜਨਤਾ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਮੁਫਤ ਬਿਜਲੀ, ਪਾਣੀ, ਸਕੂਲ, ਹਸਪਤਾਲ, ਬੱਸ ਯਾਤਰਾ ਵਰਗੇ ਕੰਮ ਕਰਕੇ ਦਿੱਲੀ ਵਾਸੀਆਂ ਦਾ ਦਿਲ ਜਿੱਤ ਲਿਆ ਹੈ। ਨਿਗਮ ਵਿੱਚ ਹਾਰ ਤੋਂ ਨਿਰਾਸ਼ ਭਾਜਪਾ ਨੇ ‘ਆਪ’ ਨੂੰ ਤਬਾਹ ਕਰਨ ਲਈ ਮਨੀਸ਼ ਸਿਸੋਦੀਆ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਜੇਲ੍ਹ ਭੇਜ ਦਿੱਤਾ ਹੈ। ਪਾਰਟੀ ਹੈੱਡਕੁਆਰਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਗੋਪਾਲ ਰਾਏ ਅਤੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਐੱਮਸੀਡੀ ਦੇ ਮੇਅਰ ਅਤੇ ਡਿਪਟੀ ਮੇਅਰ ਦੇ ਉਮੀਦਵਾਰਾਂ ਦਾ ਐਲਾਨ ਕੀਤਾ। ਗੋਪਾਲ ਰਾਏ ਨੇ ਕਿਹਾ ਕਿ ਭਾਜਪਾ ਦੀ ਸਾਜ਼ਿਸ਼ ਐੱਮਸੀਡੀ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਨੇਤਾ ਸਤਿੰਦਰ ਜੈਨ ਦੀ ਗ੍ਰਿਫਤਾਰੀ ਨਾਲ ਸ਼ੁਰੂ ਹੋਈ ਸੀ। ਫਿਰ ਨਿਗਮ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਯਾਦ ਹੈ ਕਿ ਚੋਣ ਕਮਿਸ਼ਨ ਨੇ ਦਿੱਲੀ ਨਗਰ ਨਿਗਮ ਚੋਣਾਂ ਦਾ ਐਲਾਨ ਕਰਨ ਲਈ ਪ੍ਰੈੱਸ ਕਾਨਫਰੰਸ ਬੁਲਾਈ ਗਈ ਸੀ। ਉਸ ਪ੍ਰੈੱਸ ਕਾਨਫਰੰਸ ਵਿੱਚ ਚੋਣਾਂ ਦਾ ਐਲਾਨ ਕਰਨ ਦੀ ਬਜਾਏ ਹੱਦਬੰਦੀ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਤਿੰਨੋਂ ਐੱਮਸੀਡੀ ਨੂੰ ਇਕੱਠਾ ਕੀਤਾ ਗਿਆ, ਵਾਰਡਾਂ ਦੀ ਹੱਦਬੰਦੀ ਕਰਕੇ ਵੰਡ ਕੀਤੀ ਗਈ, ਇੱਕ ਸਾਲ ਤੱਕ ਉਨ੍ਹਾਂ ’ਤੇ ਝੂਠੇ ਇਲਜ਼ਾਮ ਲਗਾਏ ਗਏ ਅਤੇ ਨਾਂਹ-ਪੱਖੀ ਪ੍ਰਚਾਰ ਕੀਤਾ ਗਿਆ।
ਇਸੇ ਦੌਰਾਨ ਗੁਜਰਾਤ ਵਿਧਾਨ ਸਭਾ ਚੋਣਾਂ ਵੀ ਸ਼ੁਰੂ ਹੋ ਗਈਆਂ। ਅਰਵਿੰਦ ਕੇਜਰੀਵਾਲ ਗੁਜਰਾਤ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸਨ। ਭਾਜਪਾ ਨੂੰ ਲੱਗਾ ਕਿ ਕੇਜਰੀਵਾਲ ਗੁਜਰਾਤ ’ਚ ਰੁੱਝੇ ਹੋਏ ਹਨ, ਜੇਕਰ ਨਿਗਮ ਚੋਣਾਂ ਹੁੰਦੀਆਂ ਹਨ ਤਾਂ ਉਹ ਜਿੱਤ ਜਾਵੇਗੀ ਪਰ ਸਾਰੀਆਂ ਸਾਜ਼ਿਸ਼ਾਂ ਦੇ ਬਾਵਜੂਦ ਦਿੱਲੀ ਦੇ ਲੋਕਾਂ ਨੇ ਦਿੱਲੀ ਵਿਧਾਨ ਸਭਾ ਵਾਂਗ ਐੱਮਸੀਡੀ ਤੋਂ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ। ਦਿੱਲੀ ਨਗਰ ਨਿਗਮ ’ਚ ਹਾਰ ਤੋਂ ਬਾਅਦ ਭਾਜਪਾ ਹੋਰ ਵੀ ਘਬਰਾ ਗਈ ਹੈ। ਇਸ ਤੋਂ ਬਾਅਦ ਭਾਜਪਾ ਨੇ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੁਣ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਵੀ ਝੂਠੇ ਇਲਜ਼ਾਮਾਂ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।