ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਦਸੰਬਰ
ਇੱਥੇ ਸ਼ਿਵਾਜੀ ਸਟੇਡੀਅਮ ਵਿੱਚ 38ਵੇਂ ਸਬ-ਜੂਨੀਅਰ ਹਾਕੀ ਕੱਪ ਦੇ ਮੁਕਾਬਲੇ ਜਾਰੀ ਹਨ। ਅੱਜ ਮੁਕਾਬਲਿਆਂ ਦੌਰਾਨ ਚੰਡੀਗੜ੍ਹ ਦੇ ਸੈਕਟਰ-42 ਦੀ ਸਰਕਾਰੀ ਮਾਡਲ ਹਾਈ ਸਕੂਲ ਦੀ ਟੀਮ ਤੇ ਉੜੀਸਾ ਦੇ ਨਿਗਮ ਹਾਈ ਸਕੂਲ ਪਨਪੋਸ ਦੀ ਟੀਮ ਦਰਮਿਆਨ ਖੇਡਿਆ ਗਿਆ ਲੀਗ ਮੈਚ 1-1 ਦੇ ਗੋਲ ਨਾਲ ਬਰਾਬਰ ਰਿਹਾ। ਚੰਡੀਗੜ੍ਹ ਦੀ ਟੀਮ ਨੇ ਪਹਿਲੇ ਕੁਆਰਟਰ ਵਿੱਚ ਪਹਿਲਾ ਗੋਲ ਦਾਗ਼ ਕੇ ਬੜਤ ਬਣਾਈ ਪਰ ਉੜੀਸਾ ਦੀ ਟੀਮ ਨੇ ਤੀਜੇ ਕੁਆਰਟਰ ਵਿੱਚ ਇੱਕ ਗੋਲ ਕਰ ਕੇ ਬਰਾਬਰੀ ਕਰ ਲਈ ਜੋ ਅੰਤ ਤੱਕ ਰਹੀ। ਦੂਜੇ ਮੁਕਾਬਲੇ ਵਿੱਚ ਰਿਤੂ ਰਾਣੀ ਅਕਾਦਮੀ ਪਟਿਆਲਾ ਦੀ ਟੀਮ ਤੇ ਜਮਸ਼ੇਦਪੁਰ ਦੀ ਨਵਲ ਟਾਟਾ ਅਕਾਦਮੀ ਦੀਆਂ ਟੀਮਾਂ ਵੀ 1-1 ਗੋਲ ਨਾਲ ਬਰਾਬਰ ਰਹੀਆਂ। ਪਟਿਆਲਾ ਦੀ ਟੀਮ ਨੇ ਪਹਿਲੇ ਕੁਆਰਟਰ ਵਿੱਚ ਗੋਲ ਕੀਤਾ ਪਰ ਦੂਜੇ ਕੁਆਰਟਰ ਵਿੱਚ ਜਮਸ਼ੇਦਪੁਰ ਦੀ ਟੀਮ ਨੇ ਬਰਾਬਰੀ ਦਾ ਗੋਲ ਕਰ ਦਿੱਤਾ। ਇਸ ਤਰ੍ਹਾਂ ਅੱਜ ਦੋਨਾਂ ਮੈਚਾਂ ਦੇ ਅੰਕ ਚਾਰੋਂ ਟੀਮਾਂ ਵਿੱਚ ਬਰਾਬਰ ਵੰਡੇ ਗਏ। ਪਟਿਆਲਾ ਦੀ ਟੀਮ ਨੇ ਪੈਨੇਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕੀਤਾ ਜਦੋਂ ਕਿ ਜਮਸ਼ੇਦਪੁਰ ਦੀ ਟੀਮ ਨੇ ਮੈਦਾਨੀ ਗੋਲ ਕੀਤਾ। ਚੰਡੀਗੜ੍ਹ ਤੇ ਉੜੀਸਾ ਦੀਆਂ ਟੀਮਾਂ ਵੱਲੋਂ ਆਪਣੇ-ਆਪਣੇ ਗੋਲ ਪੈਨੇਲਟੀ ਕਾਰਨਰਾਂ ਨਾਲ ਕੀਤੇ ਗਏ।