ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਮਾਰਚ
ਟਿਕਰੀ ਬਾਰਡਰ ’ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਵਿੱਚ ਸ਼ਹੀਦ ਭਗਤ ਸਿੰਘ ਦੀ ਭਾਣਜੀ ਗੁਰਜੀਤ ਕੌਰ ਤੇ ਮੇਧਾ ਪਾਟੇਕਰ ਮੁੱਖ ਮਹਿਮਾਨ ਵਜੋਂ ਪਹੁੰਚੇ। ਅੱਜ ਦੀ ਸਟੇਜ ਦੀ ਸਾਰੀ ਕਾਰਵਾਈ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਸੰਭਾਲੀ ਜਿਸ ਵਿਚ ਨੌਜਵਾਨਾਂ ਨੇ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦਾ ਅਹਿਦ ਲਿਆ ਅੱਜ ਸਵੇਰੇ ਪਹਿਲਾਂ ਨੌਜਵਾਨਾਂ ਨੇ 3 ਕਿਲੋਮੀਟਰ ਦੀ ਦੌੜ ਲਗਾਈ ਜਿਸ ਨੂੰ ਟਿਕਰੀ ਬਾਰਡਰ ਦੀ ਕਮੇਟੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਵਾਪਸ ਆਉਣ ’ਤੇ ਸਟੇਜ ਦੀ ਕਾਰਵਾਈ ਨੂੰ ਸ਼ੁਰੂ ਕੀਤਾ।
ਇਸ ਮੌਕੇ ਅਫਤਾਰ ਆਲਮ ਪ੍ਰਧਾਨ ਯੂਥ ਫੈਡਰੇਸ਼ਨ ਜਗਸੀਰ ਸੀਰਾ, ਮਨਪ੍ਰੀਤ ਸਰਦੂਲਗੜ੍ਹ, ਨਿਰਭੈ ਸਿੰਘ ਹਰਿਆਣਾ, ਲਵਲੀ ਫਾਜ਼ਿਲਕਾ, ਮੰਗਾ ਸਿੰਘ ਆਜ਼ਾਦ, ਪ੍ਰੋ ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਭਾਊ, ਡਾ ਰਿਤੂ, ਹਰਮਨਪ੍ਰੀਤ ਕਵਿਤਾ ਸਮੇਤ ਕਰੀਬ 82 ਬੁਲਾਰਿਆਂ ਨੇ ਭਾਗ ਲਿਆ। ਭਗਤ ਸਿੰਘ ਦੀ ਭਾਣਜੀ ਗੁਰਜੀਤ ਕੌਰ ਨੇ ਸੰਦੇਸ਼ ਦਿੱਤਾ ਕਿ ਜਿੱਥੇ ਅੱਜ ਭਾਰਤ ਬੇਸ਼ੱਕ ਲੋਕਤੰਤਰ ਦਾ ਸਭ ਤੋਂ ਵੱਡਾ ਥੰਮ੍ਹ ਕਹਿ ਰਿਹਾ ਹੈ ਪਰ ਅਸਲ ਵਿਚ ਅੱਜ ਦੇਸ਼ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਹੋ ਗਿਆ ਹੈ। ਅੱਜ ਦੇਸ਼ ਵਿੱਚ ਜੋ ਫ਼ੈਸਲੇ ਲਏ ਜਾ ਰਹੇ ਹਨ ਉਹ ਅਮਰੀਕਾ ਦੇ ਹੁਕਮਾਂ ਅਨੁਸਾਰ ਲਏ ਜਾ ਰਹੇ ਹਨ, ਇਸ ਲਈ ਭਗਤ ਸਿੰਘ ਦੀ ਸੋਚ ਨੂੰ ਦੁਬਾਰਾ ਲੋਕਾਂ ਵਿਚ ਲੈ ਕੇ ਜਾਣ ਦਾ ਵੇਲਾ ਹੋ ਚੁੱਕਾ ਹੈ ਕਿਉਂ ਕਿ ਦੇਸ਼ ਨੂੰ ਦੁਬਾਰਾ ਕਾਰਪੋਰੇਟ ਘਰਾਣਿਆਂ ਤੋਂ ਆਜ਼ਾਦ ਕਰਾਉਣਾ ਪਵੇਗਾ। ਇਸ ਮੌਕੇ ਭਾਰੀ ਇਕੱਠ ਨੂੰ ਨਾਅਰਿਆਂ ਦੀ ਹਾਜ਼ਰੀ ਵਿਚ ਹੱਥ ਖੜ੍ਹੇ ਕਰਕੇ ਅੰਦੋਲਨ ਨੂੰ ਅੱਗੇ ਓਨਾ ਚਿਰ ਅੱਗੇ ਤੋਰਨ ਦਾ ਅਹਿਦ ਲਿਆ ਜਿੰਨਾ ਚਿਰ ਦੇਸ਼ ਕਾਰਪੋਰੇਟ ਘਰਾਣਿਆਂ ਤੋਂ ਆਜ਼ਾਦ ਨਹੀਂ ਹੁੰਦਾ। ਇਸ ਮੌਕੇ ਟੀਕਰੀ ਬਾਰਡਰ ਦੀ ਕਮੇਟੀ ਦੇ ਮੈਂਬਰ ਪ੍ਰਸ਼ੋਤਮ ਸਿੰਘ ਗਿੱਲ, ਅਮਰੀਕ ਸਿੰਘ ਫਫੜੇ ਭਾਈਕੇ, ਸੁਰਿੰਦਰ ਢੰਡੀਆਂ, ਡਾ ਗੁਰਦੇਵ ਸਿੰਘ, ਅਮਰਜੀਤ ਹਨੀ, ਜਸਵੀਰ ਕੌਰ ਨੱਤ ਹਾਜ਼ਰ ਸਨ।
ਇਨਕਲਾਬੀ ਕੇਂਦਰ ਪੰਜਾਬ ਦੀ ਟੀਮ ਨੇ ਪਰਚੇ ਵੰਡੇ
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਅੱਜ ਸਾਮਰਾਜ ਵਿਰੋਧੀ ਦਿਵਸ ਵਜੋਂ ਦਿੱਲੀ ਦੇ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਬਾਰਡਰਾਂ ’ਤੇ ਪੂਰੇ ਇਨਕਲਾਬੀ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਇਸ ਸਮੇਂ ਇਨਕਲਾਬੀ ਕੇਂਦਰ, ਪੰਜਾਬ ਦੀ ਟੀਮ ਨੇ ਕਿਸਾਨਾਂ ਨੂੰ ਪਰਚੇ ਵੰਡੇ। ਟੀਮ ਵਿੱਚ ਸ਼ਾਮਿਲ ਆਗੂਆਂ ਜਗਜੀਤ ਲਹਿਰਾ ਮੁਹੱਬਤ, ਜਸਵੰਤ ਜੀਰਖ, ਡਾ. ਰਾਜਿੰਦਰ, ਰਮੇਸ਼ ਰਾਮਪੁਰਾ, ਹਰਸ਼ਾ ਸਿੰਘ, ਹਰਚਰਨ ਚੰਨਾ, ਹਰਚਰਨ ਚਹਿਲ, ਕੁਲਵੀਰ ਔਲਖ, ਗੁਰਜੰਟ ਸਿੰਘ, ਜਗਮੀਤ, ਹਰਪ੍ਰੀਤ, ਨਛੱਤਰ ਸਿੰਘ ਦੀਵਾਨਾ, ਪ੍ਰਿਤਪਾਲ ਮੰਡੀਕਲਾਂ, ਸਤਨਾਮ ਸਿੰਘ, ਵਿਨੋਦ, ਗੱਲਰ ਚੌਹਾਨ ਆਦਿ ਆਗੂਆਂ ਨੇ ਦੱਸਿਆ ਕਿ ਟਰਾਲੀਆਂ ਵਿੱਚ ਬੈਠੇ ਕਿਸਾਨਾਂ ਨਾਲ ਲੀਫਲੈੱਟ ਦੇ ਨਾਲ-ਨਾਲ ਇਨਕਲਾਬੀ ਪੇਪਰ ‘ਲਾਲ ਪਰਚਮ’ ਵੀ ਵੰਡਿਆ ਅਤੇ ਖੇਤੀ ਸੰਕਟ ਸਬੰਧੀ ਸੰਖੇਪ ਚਰਚਾਵਾਂ ਵੀ ਕੀਤੀਆਂ। ਲਾਲ ਪਰਚਮ ਵਿੱਚ ਖੇਤੀ ਸਬੰਧੀ ਛਪੇ ਵਿਸ਼ੇਸ਼ ਲੇਖਾਂ, ਸ਼ਹੀਦ ਭਗਤ ਸਿੰਘ ਦੇ ਬੌਧਿਕ ਪੱਖ, ਨੌਜਵਾਨ ਕਾਰਕੁਨਾਂ ਦੇ ਨਾਂ ਖਤ, ਅਛੂਤ ਦਾ ਸਵਾਲ ਜਿਹੇ ਗੰਭੀਰ ਵਿਸ਼ੇ ਚਰਚਾ ਅਧੀਨ ਆਏ। ਆਗੂਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਦੀ ਆਜ਼ਾਦੀ ਸ਼ਹੀਦ ਭਗਤ ਸਿੰਘ ਚਾਹੁੰਦਾ ਸੀ,ਉਸ ਲਈ ਸਾਰਿਆਂ ਨੂੰ ਮਿਲ ਕੇ ਸੰਘਰਸ਼ ਕਰਨਾ ਪਵੇਗਾ।