ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਕਤੂਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦੱਖਣੀ ਦਿੱਲੀ ਦੀ ਸੰਗਤ ਵੱਲੋਂ ਰੋਸ ਮਾਰਚ ਕੱਢਿਆ ਗਿਆ। ਗੋਬਿੰਦਪੁਰੀ ਤੋਂ ਕਾਲਕਾ ਜੀ ਤੱਕ ਕੱਢੇ ਰੋਸ ਮਾਰਚ ਵਿੱਚ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਇਸ ਮਾਮਲੇ ’ਚ ਵੱਟੀ ਚੁੱਪੀ ਨੂੰ ਮੁੱਦਾ ਬਣਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਤੇ ਨਾਲ ਹੀ ਪ੍ਰਦਰਸ਼ਨਕਾਰੀ ਸਵਾਲ ਪੁੱਛ ਰਹੇ ਸਨ ਕਿ ਕਮੇਟੀ ਦੇ ਅਹੁਦੇਦਾਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਹਨ ਜਾਂ ਚੋਰਾਂ ਦੇ ਨਾਲ। ਦੱਸਣਯੋਗ ਹੈ ਕਿ ਸਿੱਖ ਸੰਗਤ ਨੇ ਸ਼ਾਂਤਮਈ ਮਾਰਚ ਕੱਢਦਿਆਂ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਮਾਰਚ ਵਿੱਚ ਸ਼ਾਮਲ ਲੋਕਾਂ ਵਿੱਚ ਮਨਜੀਤ ਸਿੰਘ ਜੀ.ਕੇ. ਦੇ ਸਮਰਥਕ ਵੱਧ ਸਨ। ਇਸ ਮਾਰਚ ਵਿੱਚ ਸ਼ਾਮਲ ਹੋਏ ਜੀ.ਕੇ. ਨੇ ਕਿਹਾ ਕਿ ਪਸ਼ਚਾਤਾਪ ਵੱਜੋਂ 318 ਸਹਿਜ ਪਾਠ ਕੀਤੇ ਜਾ ਰਹੇ ਹਨ ਤੇ ਪਹਿਲੇ ਪੜਾਅ ਦੌਰਾਨ 8 ਨਵੰਬਰ ਨੂੰ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਲਈ ਦਿੱਲੀ ਕਮੇਟੀ ਤੋਂ ਕਿਸੇ ਗੁਰਦੁਆਰੇ ਜਾਂ ਲੱਖੀ ਸ਼ਾਹ ਵਣਜਾਰਾ ਹਾਲ ਦੀ ਮੰਗ ਕੀਤੀ ਜਾਵੇਗੀ।