ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਾਰਚ
ਸੱਜੇ ਪੱਖੀ ਸੰਗਠਨ ਹਿੰਦੂ ਸੈਨਾ ਦੇ ਵਾਲੰਟੀਅਰਾਂ ਨੇ ਐਤਵਾਰ ਨੂੰ ਮੱਧ ਦਿੱਲੀ ਦੇ ਕਨਾਟ ਪਲੇਸ ਵਿੱਚ ਰੂਸ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਮਾਰਚ ਕੱਢਿਆ। ‘ਰੂਸ ਤੁਮ ਸੰਘਰਸ਼ ਕਰੋ, ਹਮ ਤੁਮਾਰੇ ਸਾਥ ਹੈਂ’, ‘ਭਾਰਤ ਮਾਤਾ ਕੀ ਜੈ’, ‘ਭਾਰਤ-ਰੂਸ ਦੋਸਤੀ ਜ਼ਿੰਦਾਬਾਦ’ ਵਰਗੇ ਨਾਅਰੇ ਲਗਾਉਂਦੇ ਹੋਏ ਵਾਲੰਟੀਅਰਾਂ ਨੇ ਕਰੀਬ ਇੱਕ ਘੰਟੇ ਤੱਕ ਮਾਰਚ ਕੀਤਾ। ਹਿੰਦੂ ਸੈਨਾ ਦੇ ਕੌਮੀ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਅਧਿਕਾਰਤ ਭਾਰਤੀ ਸਟੈਂਡ ਵਿੱਚ ਨਾ ਆਉਣ ਕਾਰਨ, ਅਸੀਂ ਨਿੱਜੀ ਤੌਰ ’ਤੇ ਸੋਚਦੇ ਹਾਂ ਕਿ ਭਾਰਤ ਨੂੰ ਪਰਹੇਜ਼ ਕਰਨ ਦੀ ਬਜਾਏ ਰੂਸ ਦੇ ਪੱਖ ਵਿੱਚ ਵੋਟ ਦੇਣਾ ਚਾਹੀਦਾ ਸੀ ਤੇ ਆਪਣੇ ਪੈਰ ਜ਼ਮੀਨ ’ਤੇ ਰੱਖਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਸਾਡੇ ਨਾਗਰਿਕਾਂ ਦੀ ਸੁਰੱਖਿਆ ਕਰੋ ਤੇ ਫਾਸ਼ੀਵਾਦੀ, ਨਸਲਵਾਦੀ ਯੂਕਰੇਨ ਵਿਰੁੱਧ ਰੂਸ ਦਾ ਸਮਰਥਨ ਕਰੋ, ਜਿਸ ਯੂਕਰੇਨ ਨੇ ਹਮੇਸ਼ਾ ਪਾਕਿਸਤਾਨ ਦਾ ਸਮਰਥਨ ਕੀਤਾ ਹੈ ਅਤੇ ਸਾਡੇ ਪ੍ਰਮਾਣੂ ਪ੍ਰੋਗਰਾਮ ਦੇ ਵਿਰੁੱਧ ਵੋਟ ਦਿੱਤੀ ਹੈ। ਹਿੰਦੂ ਸੈਨਾ ਨੇ ਇਸ ਤੋਂ ਪਹਿਲਾਂ ਨਵੀਂ ਦਿੱਲੀ ਦੇ ਮੰਡੀ ਹਾਊਸ ਵਿੱਚ ਰੂਸੀ ਲੇਖਕ ਅਲੈਗਜ਼ੈਂਡਰ ਪੁਸ਼ਕਿਨ ਦੇ ਬੁੱਤ ’ਤੇ ਪੋਸਟਰ ਲਗਾ ਕੇ ਮਾਸਕੋ ਦੇ ਯੂਕਰੇਨ ’ਤੇ ਹਮਲੇ ਅਤੇ ‘ਅਖੰਡ ਰੂਸ’ ਦੇ ਸਮਰਥਨ ਦਾ ਐਲਾਨ ਕੀਤਾ।
ਹਿੰਦੂ ਸੈਨਾ ਦੇ ਕਾਰਕੁਨਾਂ ਨੇ ਕਿਹਾ ਕਿ ਕੋਈ ਵੀ ਜੰਗ ਚੰਗੀ ਨਹੀਂ ਹੁੰਦੀ ਪਰ ਜੇਕਰ ਸਾਨੂੰ ਚੰਗੇ ਵਿੱਚੋਂ ਕਿਸੇ ਦੀ ਚੋਣ ਕਰਨੀ ਪਵੇ, ਤਾਂ ਅਸੀਂ ਰੂਸ ਦੇ ਸਮਰਥਨ ਵਿੱਚ ਖੜ੍ਹੇ ਹੋਵਾਂਗੇ ਕਿਉਂਕਿ ਰੂਸ ਹਮੇਸ਼ਾ ਭਾਰਤ ਦਾ ਸੱਚਾ ਮਿੱਤਰ ਰਿਹਾ ਹੈ। ਇਹ ਪ੍ਰਦਰਸ਼ਨ ਦਿੱਲੀ ਪੁਲੀਸ ਤੋਂ ਬਿਨਾਂ ਆਗਿਆ ਲਏ ਹੀ ਕੱਢਿਆ ਗਿਆ, ਜਿਸ ਕਰਕੇ ਦਿੱਲੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਬਾਅਦ ਵਿੱਚ ਖਿੰਡ ਜਾਣ ਲਈ ਆਖ ਦਿੱਤਾ। ਕਰੀਬ ਇੱਕ ਘੰਟਾ ਮੁਜ਼ਾਹਰਾ ਕਰਨ ਵਾਲੇ ਕਨਾਟ ਪਲੇਸ ਵਿੱਚ ਘੁੰਮਦੇ ਫਿਰਦੇ ਰਹੇ।