ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਦਸੰਬਰ
ਦਿੱਲੀ ਦੀਆਂ ਬਰੂਹਾਂ ਉਪਰ ਕਿਸਾਨਾਂ ਦਾ ਸਾਲ ਤੋਂ ਜ਼ਿਆਦਾ ਚੱਲਿਆ ਅੰਦੋਲਨ ਬੇਸਹਾਰਿਆਂ ਲਈ ਸਹਾਰਾ ਬਣ ਕੇ ਬਹੁੜਿਆ ਹੈ। ਕੁੰਡਲੀ ਦੇ ਮੋਰਚੇ ਸਮੇਤ ਟਿਕਰੀ ਤੇ ਗਾਜ਼ੀਪੁਰ ਦੇ ਮੋਰਚਿਆਂ ਦੇ ਆਸ-ਪਾਸ ਰਹਿੰਦੇ ਝੁੱਗੀ ਵਾਸੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੋਰਚਿਆਂ ਵੱਲੋਂ ਲੰਗਰ ਦਾ ਇੰਤਜ਼ਾਮ ਕੀਤਾ ਜਾਂਦਾ ਰਿਹਾ ਹੈ। ਹੁਣ ਜਦੋਂ ਮੋਰਚਾ ਉੱਠਣ ਲੱਗਾ ਹੈ ਤਾਂ ਅਜਿਹੇ ਸਾਧਨਹੀਣ ਲੋਕਾਂ ਲਈ ਅਗਲੇ ਦਿਨਾਂ ਦੌਰਾਨ ਖਾਣੇ ਦਾ ਇੰਤਜ਼ਾਮ ਕਰਨ ਲਈ ਖ਼ੁਦ ਖਰਚਾ ਕਰਨਾ ਹੋਵੇਗਾ। ਮੋਰਚੇ ਦਾ ਕੁੱਝ ਸਾਮਾਨ ਵੀ ਕਿਸਾਨਾਂ ਵੱਲੋਂ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਤਕਸੀਮ ਕੀਤਾ ਗਿਆ ਹੈ। ਇਸ ਸਾਮਾਨ ਵਿੱਚ ਰਾਸ਼ਨ, ਪੁਰਾਣੇ ਟਾਟ, ਚਾਦਰਾਂ, ਕੰਬਲ, ਲੱਕੜੀ ਆਦਿ ਸ਼ਾਮਲ ਹਨ, ਜੋ ਇਨ੍ਹਾਂ ਲੋਕਾਂ ਲਈ ਦਿੱਤੀ ਜਾ ਰਹੀ ਹੈ। ਸਿੰਘੂ ਮੋਰਚੇ ਦੇ ਕੁੰਡਲੀ ਵਾਲੇ ਹਿੱਸੇ ਵਿੱਚ ਰਹਿੰਦੀ ਸੁਦਾਮਾ ਨੇ ਦੱਸਿਆ ਕਿ ਉਸ ਨੂੰ ਅਤੇ ਦੋ ਹੋਰ ਔਰਤਾਂ ਨੂੰ ਕਿਸਾਨਾਂ ਨੇ ਆਟਾ, ਦਾਲਾਂ ਤੇ ਹੋਰ ਗਿੱਲਾ ਤੇ ਸੁੱਕਾ ਸਾਮਾਨ ਸਾਨੂੰ ਜਾਣ ਸਮੇਂ ਦੇ ਦਿੱਤਾ ਹੈ। ਟਾਟ ਤੇ ਕੁੱਝ ਕੱਪੜੇ ਦੀ ਦਿੱਤੇ ਹਨ। ਉਸ ਨੇ ਕਿਹਾ ਕਿ ਹੁਣ ਜਦੋਂ ਕਿਸਾਨ ਜਾਣ ਲੱਗੇ ਹਨ ਤਾਂ ਸਾਡੇ ਲਈ ਅਗਲੇ ਦਿਨਾਂ ਦੌਰਨ ਪੱਲਿਓਂ ਹੀ ਤਿੰਨ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਹੋਵੇਗਾ। ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਬਾਕੀ ਸਾਮਾਨ ਨੇੜੇ ਦੇ ਪਿੰਡਾਂ ਤੇ ਸਥਾਨਕ ਸੰਸਥਾਵਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ।