ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਾਰਜਕਾਰਨੀ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਹਨ ਤੇ ਦਿੱਲੀ ਦੀ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਪੱਸ਼ਟ ਬਹੁਮਤ ਦਿੱਤਾ ਹੈ। ਹਾਲਾਂਕਿ ਕਮੇਟੀ ਦੀ ਕਾਰਜਕਾਰਨੀ ਨੂੰ ਬਣਾਉਣ ਵਿੱਚ ਕਰੀਬ 5 ਮਹੀਨੇ ਦਾ ਸਮਾਂ ਵੱਧ ਲਗਾ ਹੈ ਪਰ ਕਮੇਟੀ ਦੀ ਨਵੀਂ ਟੀਮ ਤੋਂ ਕਮੇਟੀ ਮੁਲਾਜ਼ਮਾਂ ਤੇ ਸਿੱਖਿਆ ਸੰਸਥਾਵਾਂ ਦੇ ਅਧਿਆਪਨ ਤੇ ਗ਼ੈਰ-ਅਧਿਆਪਨ ਨਾਲ ਜੁੜੇ ਕਰਮਚਾਰੀਆਂ ਲਈ 7ਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨਾ ਅਤੇ 6ਵੇਂ ਤਨਖ਼ਾਹ ਦੇ ਬਕਾਏ ਦੇਣਾ ਵੱਡੀ ਚੁਣੌਤੀ ਹੋਵੇਗੀ।
ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਕਮੇਟੀ ਵਿੱਚ ਪਾਰਦਰਸ਼ਤਾ ਕਾਇਮ ਕਰਨ ਲਈ ਢੁੱਕਵਾਂ ਬੰਦੋਬਸਤ ਕੀਤਾ ਜਾਵੇਗਾ ਤੇ ਸੰਗਤ ਵਿੱਚੋਂ ਕੋਈ ਵੀ ਜਦੋਂ ਚਾਹੇ ਆ ਕੇ ਗੱਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਵਿੱਚ ਦਿੱਲੀ ਦੀ ਸੰਗਤ ਅੱਗੇ ਬਹੁਤ ਚੁਣੌਤੀਆਂ ਰਹੀਆਂ ਪਰ ਫਿਰ ਵੀ ਸਿੱਖਿਆ ਸੰਸਥਾਵਾਂ ਵਿੱਚ ਹੋਰ ਸੁਧਾਰ ਕਰਨ ਤੋਂ ਇਲਾਵਾ ਇਨ੍ਹਾਂ ਸੰਸਥਾਵਾਂ ਦੇ ਅਮਲੇ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਦੀ ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਾਲੀਆਂ ਕਮੇਟੀਆਂ ਸਾਹਮਣੇ ਬਹੁਤ ਹੀ ਕਮਜ਼ੋਰ ਵਿਰੋਧੀ ਧਿਰ ਰਹੀ ਸੀ ਪਰ ਹੁਣ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਵਾਲੀ ਕਮੇਟੀ ਦਾ ਟਾਕਰਾ ਮਜ਼ਬੂਤ ਵਿਰੋਧੀ ਧਿਰ ਨਾਲ ਰਹੇਗਾ।