ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਮਾਰਚ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੈਰਾਂ ਵਿਚ ਝੁੱਕ ਕੇ ਪੰਜਾਬ ਤੇ ਪੰਜਾਬੀਆਂ ਨੁੰ ਸ਼ਰਮਸਾਰ ਕੀਤਾ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਬਹੁਤ ਵੱਡਾ ਫਤਵਾ ਦਿੱਤਾ ਤੇ ਆਪਣੇ ਸਿਰ ਦਾ ਤਾਜ ਦਿੱਤਾ। ਉਨ੍ਹਾਂ ਕਿਹਾ ਕਿ ਜੋ ਭਗਵੰਤ ਮਾਨ ਸ਼ਹੀਦੇ ਏ ਆਜ਼ਮ ਭਗਤ ਸਿੰਘ ਦੀ ਪੱਗ ਬੰਨ੍ਹਦੇ ਸਨ, ਉਨ੍ਹਾਂ ਨੂੰ ਆਪਣਾ ਆਦਰਸ਼ ਦੱਸਦੇ ਸਨ ਤੇ ਕਹਿੰਦੇ ਸਨ ਕਿ ਮੈਂ ਖਟਕੱੜ ਕਲਾਂ ਵਿਖੇ ਸਹੁੰ ਚੁੱਕਾਂਗਾ, ਨੇ ਅੱਜ ਆਪਣੀ ਦਸਤਾਰ ਨੂੰ ਅਰਵਿੰਦ ਕੇਜਰਵਾਲ ਦੇ ਪੈਰਾਂ ਵਿਚ ਪਾਇਆ। ਉਨ੍ਹਾਂ ਕਿਹਾ ਕਿ ਇਹੀ ਕੰਮ ਨਵਜੋਤ ਸਿੱਧੂ ਨੇ ਕੀਤਾ ਸੀ ਜਦੋਂ ਸੋਨੀਆ ਗਾਂਧੀ ਦੇ ਪੈਰਾਂ ਵਿਚ ਪੱਗ ਰੱਖੀ ਸੀ ਪਰ ਲੋਕਾਂ ਨੇ ਹੁਣ ਤੱਕ ਉਨ੍ਹਾਂ ਨੂੰ ਮੁਆਫ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੁੰ ਅਜਿਹਾ ਕੋਈ ਭੁਲੇਖਾ ਨਹੀਂ ਪਾਲਣਾ ਚਾਹੀਦਾ ਕਿ ਭਗਵੰਤ ਮਾਨ ਤਾਂ ਉਨ੍ਹਾਂ ਦੇ ਪੈਰਾਂ ਵਿਚ ਪੈ ਸਕਦਾ ਹੈ ਪਰ ਪੰਜਾਬ ਨਾ ਕਦੇ ਡਿੱਗਿਆ ਹੈ ਤੇ ਨਾ ਕਦੇ ਪੰਜਾਬੀਅਤ ਡਿੱਗੀ ਹੈ। ਸਾਡਾ ਸਿਰ ਹਮੇਸ਼ਾ ਉੱਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਜਿੰਨੀ ਜਲਦੀ ਦਿਲ ’ਤੇ ਬਿਠਾਉਂਦੇ ਹਨ, ਉਨੀ ਛੇਤੀ ਚੁੱਕ ਕੇ ਬਾਹਰ ਵੀ ਸੁੱਟ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਜਲਦੀ ਹੀ ਇਸ ਦਾ ਜਵਾਬ ਵੀ ਸ੍ਰੀ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਣਗੇ।