ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜਨਵਰੀ
ਵਿਕਾਸਪੁਰੀ ਹਲਕੇ ਦੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਮੈਂਬਰ ਮਨਮੋਹਨ ਸਿੰਘ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਿੱਚ ਸ਼ਾਮਲ ਹੋ ਗਏ ਹਨ। ਜਾਣਕਾਰੀ ਅਨੁਸਾਰ ਮਨਮੋਹਨ ਸਿੰਘ ਮੁੱਦਿਆਂ ਤੋਂ ਨਾਰਾਜ਼ ਦੱਸੇ ਜਾ ਰਹੇ ਸਨ ਤੇ ਉਨ੍ਹਾਂ ਨੇ ਆਪਣੇ ਅਸਤੀਫੇ ਦੇ ਪੱਤਰ ਵਿੱਚ ਕਈ ਮੁੱਦਿਆਂ ਦਾ ਜ਼ਿਕਰ ਵੀ ਕੀਤਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਪਰਮਜੀਤ ਸਿੰਘ ਸਰਨਾ ਤੋਂ ਪ੍ਰਭਾਵਿਤ ਸਨ ਪਰ ਪਹਿਲਾਂ ਬੋਲਣ ਦਾ ਹੱਕ ਨਹੀਂ ਸੀ। ਉਨ੍ਹਾਂ ਦੱਸਿਆ ਕਿ ਬਾਲਾ ਸਾਹਿਬ ਹਸਪਤਾਲ ਚਲਾਉਣ ਵਰਗੇ ਨੇਕ ਕੰਮ ਦੀ ਸ਼ੁਰੂਆਤ ਕੀਤੀ ਸੀ ਪਰ ਵਿਰੋਧੀਆਂ ਨੇ ਉਸ ਨੂੰ ਗੰਦੀ ਰਾਜਨੀਤੀ ਨਾਲ ਰੋਕਿਆ। ਅੱਜ 500 ਕਮਰੇ ਦੇ ਵਿਸ਼ਾਲ ਹਸਪਤਾਲ ਨੂੰ ਖੰਡਰ ਬਣਿਆ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਸਰਨਾ ਉੱਪਰ ਚਿੱਕੜ ਸੁੱਟਿਆ ਗਿਆ ਸੀ, ਜੋ ਹੁਣ ਪਾਕ ਸਾਫ਼ ਨਿਕਲੇ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜੇ ਸੰਗਤ ਨੇ ਸੇਵਾ ਦਾ ਮੌਕਾ ਦਿੱਤਾ ਤਾਂ ਅਸੀਂ ਪਹਿਲਾਂ ਹਸਪਤਾਲ ਨੂੰ ਪੂਰਾ ਕਰਾਂਗੇ। ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਕਿ ਸਾਡਾ ਮੁੱਖ ਉਦੇਸ਼ ਆਪਣੇ ਸਟਾਫ ਨੂੰ ਸਮੇਂ ਸਿਰ ਅਦਾਇਗੀ ਕਰਨਾ, ਬੰਦ ਕੀਤੇ ਕਾਲਜ ਤੇ ਹਸਪਤਾਲ ਨੂੰ ਮੁੜ ਸੁਰਜੀਤ ਕਰਨਾ, ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ, ਪੰਥਕ ਮਰਿਆਦਾ ਨੂੰ ਦੁਬਾਰਾ ਲਾਗੂ ਕਰਨਾ ਹੈ।