ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਾਰਚ
ਪੁਣੇ ਅਤੇ ਮਥੁਰਾ ਛਾਉਣੀ ਖੇਤਰ ਦੇ ਗੁਰਦਵਾਰਿਆਂ ਵਿੱਚ ਫ਼ੌਜੀ ਅਧਿਕਾਰੀਆਂ ਦੀ ਗ਼ੈਰਕਾਨੂੰਨੀ ਦਖ਼ਲਅੰਦਾਜ਼ੀ ਮਾਮਲੇ ਵਿੱਚ ਅੱਜ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਪ੍ਰਧਾਨਗੀ ਵਿਚ ਇੱਕ ਵਫ਼ਦ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮੰਗ ਪੱਤਰ ਸੌਂਪਿਆ। ਨਾਲ ਹੀ ਕੇਂਦਰ ਸਰਕਾਰ ਤੋਂ ਕਿਸਾਨ ਅੰਦੋਲਨ ਦੌਰਾਨ ਦਿੱਲੀ ਪੁਲੀਸ ਵੱਲੋਂ ਦਰਜ ਕੀਤੇ ਗਏ ਸਾਰੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ। ਪੁਣੇ ਅਤੇ ਮਥੁਰਾ ਛਾਉਣੀ ਖੇਤਰ ਦੀ ਸਿੱਖ ਸੰਗਤ ਨੇ ਸਥਾਨਕ ਗੁਰਦੁਆਰਾ ਸਾਹਿਬਾਨਾਂ ਵਿੱਚ ਫ਼ੌਜ ਅਧਿਕਾਰੀਆਂ ਦੀ ਗੈਰ ਜ਼ਰੂਰੀ ਦਖ਼ਲਅੰਦਾਜ਼ੀ ਦੇ ਪਾਸੇ ਆਪਣੇ ਮੰਗ ਪੱਤਰ ਦੇ ਕੇ ਦਿਵਾਇਆ। ਸਿੱਖ ਕੌਮ ਦੇ ਧਾਰਮਿਕ ਸਥਾਨਾਂ ’ਤੇ ਫ਼ੌਜੀ ਅਧਿਕਾਰੀਆਂ ਦੀ ਗ਼ਲਤ ਕਾਰਵਾਈ ਸਿੱਖਾਂ ਦਾ ਮਨੋਬਲ ਡੇਗਣ ਵਾਲੀ ਹੈ। ਇੱਕ ਪਾਸੇ ਚੀਨ ਅਤੇ ਪਾਕਿਸਤਾਨ ਦੀਆਂ ਸੀਮਾਵਾਂ ’ਤੇ ਸਿੱਖ ਫ਼ੌਜੀਆਂ ਵੱਲੋਂ ਵਿਖਾਈ ਜਾਂਦੀ ਬਹਾਦਰੀ ਅਤੇ ਨਿਭਾਇਆ ਜਾਂਦਾ ਫ਼ਰਜ਼ ਛਾਤੀ ਚੌੜੀ ਕਰ ਦਿੰਦਾ ਹੈ ਪਰ ਦੂਜੇ ਅਜਿਹੀਆਂ ਖਬਰਾਂ ਪਰੇਸ਼ਾਨ ਕਰਨ ਵਾਲੀਆਂ ਹਨ।
ਜੀ.ਕੇ ਨੇ ਸਾਜਿਸ਼ ਦੇ ਹਿੱਸੇ ਵਜੋਂ ਕਿਸਾਨ ਅੰਦੋਲਨ ਖ਼ਿਲਾਫ ਬਿਆਨ ਦਿੱਤਾ: ਸਿਰਸਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਮਨਜੀਤ ਸਿੰਘ ਜੀ.ਕੇ. ਨੇ ਅੰਦੋਲਨ ਖ਼ਿਲਾਫ਼ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੇਂਦਰੀ ਏਜੰਸੀਆਂ ਵੱਲੋਂ ਕੀਤੀ ਸਾਜਿਸ਼ ਦੇ ਹਿੱਸੇ ਵਜੋਂ ਬਿਆਨ ਦਿੱਤਾ ਹੈ ਅਤੇ ਉਸਨੇ ਜੀ.ਕੇ. ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਸ ਵਿਰੁੱਧ ਦਾਅਵੇ ਕਰਨ ਦੇ ਫਾਰਮੂਲੇ ਨੂੰ ਜਨਤਕ ਕਰੇ। ਸਿਰਸਾ ਨੇ ਕਿਹਾ ਹੈ ਕਿ ਜੀ ਕੇ ਨੇ ਜੋ ਬਿਆਨ ਦਿੱਤਾ ਹੈ ਉਹ ਇਸ ਲਈ ਹੈ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਉਹ ਅੱਜ ਕਿਸ ਦੀ ਗੋਦ ਵਿਚ ਬੈਠਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਣ ਵਾਲੀ ਪਹਿਲਾਂ ਵਾਲੀ ਕਮੇਟੀ ਨਹੀਂ ਸੀ ਜੈ ਨੇਤਾਵਾਂ ਦੇ ਪੈਰਾਂ ਵਿਚ ਬੈਠਦੀ ਸੀ ਤੇ ਚਾਪਲੂਸੀ ਕਰਦੀ ਸੀ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਗੁਰਦੁਆਰਾ ਕਮੇਟੀ ਦਾ ਪੂਰੇ ਦੇਸ਼ ਵਿੱਚ ਇੱਕ ਨਾਂ ਹੈ। ਸਿਰਸਾ ਨੇ ਕਿਹਾ ਕਿ ਜੀ.ਕੇ. ਨੇ ਯੋਜਨਾਬੱਧ ਢੰਗ ਨਾਲ ਬਿਆਨਬਾਜ਼ੀ ਕੀਤੀ ਤਾਂ ਜੋ ਮਾਪੇ ਡਰ ਜਾਣ ਅਤੇ ਆਪਣੇ ਬੱਚਿਆਂ ਨੂੰ ਇਸ ਕਿਸਾਨੀ ਲਹਿਰ ਵਿੱਚ ਨਾ ਭੇਜਣ। ਉਸਨੇ ਕਿਹਾ ਕਿ ਉਹ ਸਾਰੇ ਮਾਪਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਕਿਸੇ ਵੀ ਤਰਾਂ ਡਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜੀਕੇ ਵਰਗੇ ਲੋਕ ਆਪਣੇ ਆਕਾਵਾਂ ਦੇ ਕਹਿਣ ਅਨੁਸਾਰ ਕੰਮ ਕਰਦੇ ਹਨ।