ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਸਤੰਬਰ
ਬਾਹਰੀ ਦਿੱਲੀ ਦੇ ਮੰਗੋਲਪੁਰੀ ਵਿੱਚ ਕਥਿਤ ਤੌਰ ’ਤੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਵਿੱਚ ਇੱਕ 22 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਪਰੰਤ ਪੁਲੀਸ ਨੇ ਇਸ ਸਬੰਧ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਇਸ ਮੁੱਦੇ ਵਿੱਚ ਕੋਈ ਫਿਰਕੂ ਦ੍ਰਿਸ਼ਟੀਕੋਨ ਨਹੀਂ ਹੈ।
ਪੁਲੀਸ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਕਰੀਬ 4.30 ਵਜੇ ਮੰਗੋਲਪੁਰੀ ਦੇ ‘ਕੇ’ ਬਲਾਕ ਵਿੱਚ ਇਕ ਵਿਅਕਤੀ ਨੂੰ ਚਾਕੂ ਮਾਰੇ ਜਾਣ ਦੀ ਘਟਨਾ ਬਾਰੇ ਇੱਕ ਕਾਲ ਕੰਟਰੋਲ ’ਤੇ ਆਈ ਸੀ। ਤਿੰਨ ਵਿਅਕਤੀਆਂ ਅਰਮਾਨ, ਮੋਈਨ ਖਾਨ ਤੇ ਫਰਦੀਨ ਨੂੰ ਜ਼ਖਮੀ ਹਾਲਤ ਵਿੱਚ ਐੱਸਜੀਐੱਮ ਹਸਪਤਾਲ ਲਿਆਂਦਾ ਗਿਆ ਜਿੱਥੇ ਪਹੁੰਚਣ ’ਤੇ ਅਰਮਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫ਼ਰਦੀਨ ਨੇ ਦਾਅਵਾ ਕੀਤਾ ਕਿ ਉਸ ਦਾ ਇੱਕ ਮੁਲਜ਼ਮ ਦੇ ਭਰਾ ਨਾਲ ਝਗੜਾ ਹੋ ਗਿਆ ਸੀ। ਉਸ ਨੇ ਉਨ੍ਹਾਂ ਦੇ ਘਰ ਤੋਂ ਲੰਘਦੇ ਸਮੇਂ ਉਸ ਦੀ ਸਾਈਕਲ ਨੂੰ ਛੂਹ ਲਿਆ ਸੀ।
ਐਡੀਸ਼ਨਲ ਡੀਸੀਪੀ (ਆਊਟਰ) ਰਵੀ ਵਰਮਾ ਨੇ ਕਿਹਾ ਕਿ ਇਹ ਦੋ ਪਰਿਵਾਰਾਂ ਵਿਚਾਲੇ ਦੁਸ਼ਮਣੀ ਦਾ ਮਾਮਲਾ ਸੀ ਜਿਨ੍ਹਾਂ ਦਾ ਖੇਤਰ ਵਿੱਚ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰਨ ਦਾ ਪੁਰਾਣਾ ਰਿਕਾਰਡ ਹੈ। ਸੈਫ, ਵਿਨੀਤ ਤੇ ਸ਼ਾਹਰੁਖ ਨੂੰ ਇਸ ਸਬੰਧ ’ਚ ਫੜ ਲਿਆ ਗਿਆ ਹੈ ਅਤੇ ਬਾਕੀਆਂ ਨੂੰ ਫੜਨ ਲਈ ਚਾਰ ਟੀਮਾਂ ਛਾਪੇ ਮਾਰ ਰਹੀਆਂ ਹਨ। ਦੋਵੇਂ ਪਰਿਵਾਰ ਇੱਕੋ ਭਾਈਚਾਰੇ ਦੇ ਹਨ, ਇਸ ਲਈ ਇੱਥੇ ਕੋਈ ਫਿਰਕੂ ਦ੍ਰਿਸ਼ਟੀਕੋਨ ਨਹੀਂ ਹੈ। ਕਾਨੂੰਨ ਵਿਵਸਥਾ ਦੀ ਸਥਿਤੀ ਆਮ ਵਾਂਗ ਹੈ। ਅਰਮਾਨ ਦੇ ਪਿਤਾ ਮੁਹੰਮਦ ਸਲੀਮ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਕੁਝ ਦਿਨ ਪਹਿਲਾਂ ਗਣਪਤੀ ਦੇ ਜਸ਼ਨਾਂ ਵਿੱਚ ਹਿੱਸਾ ਲਿਆ ਸੀ ਤੇ ਸ਼ਾਹਰੁਖ, ਸੈਫ ਅਤੇ ਇੱਕ ਹੋਰ ਵਿਅਕਤੀ ਜੋ ਕਿ ਉਸੇ ਕਾਲੋਨੀ ਵਿੱਚ ਰਹਿੰਦਾ ਸੀ, ਨੇ ਉਸ ਕੋਲੋਂ ਪਹਿਲਾਂ ਇਸ ਤਿਉਹਾਰਾਂ ਵਿੱਚ ਹਿੱਸਾ ਲੈਣ ਬਾਰੇ ਪੁੱਛਗਿਛ ਕੀਤੀ ਸੀ।