ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਪਰੈਲ
ਪੰਥਕ ਸੇਵਾ ਦਲ ਦੇ ਸ਼ਿਵ ਨਗਰ ਤੋਂ ਉਮੀਦਵਾਰ ਮਲਕੀਤ ਸਿੰਘ ਪਾਹਵਾ ਵੱਲੋਂ ਇਲਾਕੇ ਦੀਆਂ ਸਿੰਘ ਸਭਾਵਾਂ ਦੇ ਅਹੁਦੇਦਾਰਾਂ ਨਾਲ ਮਿਲ ਕੇ ਚੋਣ ਪ੍ਰਚਾਰ ਨੂੰ ਰਫ਼ਤਾਰ ਦਿੱਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਮੁੱਖ ਅਹੁਦੇਦਾਰਾਂ ਕੋਲ ਪਿਛਲੀਆਂ ਕਮੇਟੀਆਂ ਦੀਆਂ ਨਾਕਾਮੀਆਂ ਤੇ ਮੌਜੂਦਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਮਨਜੀਤ ਸਿੰਘ ਜੀਕੇ ਦੇ ਧੜੇ ‘ਜਾਗੋ’ ਪਾਰਟੀ ਦਰਮਿਆਨ ਅੰਦਰਖਾਤੇ ਹੱਥ ਮਿਲਾਉਣ ਦੇ ਕਥਿਤ ਦੋਸ਼ ਵੀ ਲਾਏ ਗਏ। ਮਲਕੀਤ ਸਿੰਘ ਪਾਹਵਾ ਨੇ ਸ਼ਿਵ ਨਗਰ ਦੇ ਮੁੱਖ ਸਿੰਘ ਸਭਾ ਗੁਰਦੁਆਰੇ ਵਿਖੇ ਮੱਥਾ ਟੇਕਿਆ ਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਹਵਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੌਰਾਨ ਇਸ ਵਾਰ ਅੰਦਰਖਾਤੇ ਨਾਪਾਕ ਗੱਠਜੋੜ ਬਣਾ ਕੇ ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਹਰਵਿੰਦਰ ਸਿੰਘ ਸਰਨਾ ਦੇ ਉਸ ਬਿਆਨ ਬਾਰੇ ਟਿੱਪਣੀ ਕੀਤੀ, ਜਿਸ ਵਿੱਚ ਸਰਨਾ ਨੇ ਕਿਹਾ ਸੀ ਕਿ ਉਹ ਚੋਣ ਪ੍ਰਚਾਰ ਦੌਰਾਨ ਮਨਜੀਤ ਸਿੰਘ ਜੀਕੇ ਦੀਆਂ ਧੱਜੀਆਂ ਉਡਾ ਰਹੇ ਹਨ, ਜਦੋਂ ਕਿ ਹਕੀਕਤ ਇਹ ਹੈ ਕਿ ਦੋਨੋਂ ਹੁਣ ਭਾਜਪਾ ਦੀ ਝੋਲੀ ਪੈ ਚੁੱਕੇ ਹਨ। ਸ੍ਰੀ ਪਾਹਵਾ ਨੇ ਕਿਹਾ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਸ ਵਾਰ ਸਰਨਾ ਧੜੇ ਨਾਲ ਭਾਈਵਾਲੀ ਕੀਤੀ ਪਰ ਉਹ ਬੀਤੇ ਚਾਰ ਸਾਲਾਂ ਦੌਰਾਨ ਦਿਖਾਈ ਨਹੀਂ ਦਿੱਤੇ ਤੇ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਹੀ ਦਿੱਲੀ ਆਏ। ਉਨ੍ਹਾਂ ਕਿਹਾ ਕਿ ਪੰਥਕ ਸੇਵਾ ਦਲ ਵੱਲੋਂ ਸਿੱਖਿਆ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਵਿੱਚ ਨਿਯਮਾਂ ਮੁਤਾਬਕ ਕੰਮ ਕਰਨ ਦੀ ਪਿਰਤ ਪਾਈ ਜਾਵੇਗੀ।