ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਾਰਚ
ਪਟਿਆਲਾ ਦੇ ਝੰਡੀ ਪਿੰਡ ਦਾ 47 ਸਾਲਾ ਮੇਜਰ ਖਾਨ 26 ਨਵੰਬਰ ਤੋਂ ਹੀ ਸਿੰਘੂ ਮੋਰਚੇ ’ਤੇ ਡਟਿਆ ਹੋਇਆ ਹੈ। ਉਸ ਕੋਲ ਜ਼ਮੀਨ ਦੇ ਨਾਂ ’ਤੇ ਭਾਵੇਂ ਦੋ ਮਰਲੇ ਨਹੀਂ ਪਰ ਉਹ ਇਸ ਅੰਦੋਲਨ ਦੀ ਜੀ ਜਾਨ ਤੋਂ ਹਮਾਇਤ ਕਰਦਾ ਨਹੀਂ ਥੱਕਦਾ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਝੰਡੀ ਇਕਾਈ ਦੇ ਪ੍ਰਧਾਨ ਮੇਜਰ ਖਾਨ ਲੋਕਾਂ ਦੇ ਨਾਲ ਤਾਂ ਰਹਿੰਦੇ ਹੀ ਹਨ ਪਰ ਨਾਲ ਦੇ ਨਾਲ ਕਿਸਾਨ ਆਗੂਆਂ ਦਾ ਵੀ ਹੌਸਲਾ ਵਧਾਉਂਦੇ ਹਨ । ਕਿਸਾਨ ਆਗੂ ਡਾ. ਦਰਸ਼ਨ ਪਾਲ ਤੇ ਜਗਮੋਹਨ ਸਿੰਘ ਦਿਨ ਵਿੱਚ ਘੱਟੋ ਘੱਟ ਦੋ ਵਾਰੀ ਤਾਂ ਜ਼ਰੂਰ ਫੋਨ ਕਰਕੇ ਜਾਂ ਮਿਲ ਕੇ ਮੇਜਰ ਖਾਨ ਦੀ ਸਲਾਹ ਲੈਂਦੇ ਹਨ। ਕਰਨਾਟਕ ਤੋਂ ਕਿਸਾਨ ਆਗੂ ਕਵਿਤਾ ਕੁਰੂਗੁੰਟੀ ਨੇ ਦੱਸਿਆ ਮੇਜਰ ਖਾਨ ਦਿਨ ਰਾਤ ਆਪਣੀਆਂ ਸੇਵਾਵਾਂ ਦਿੰਦੇ ਹਨ। 15 ਮਾਰਚ 2021 ਨੂੰ ਮੇਜਰ ਖਾਨ 47 ਸਾਲਾਂ ਦਾ ਹੋ ਗਿਆ। ਮੇਜਰ 1992 ਵਿੱਚ ਇਕ ਹਵਲਦਾਰ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਫੌਜ ਵਿੱਚ ਵੀ ਮਿਲਾਪੜੇ ਸੁਭਾਅ ਕਾਰਨ ਉਹ ਸਾਥੀਆਂ ਅਤੇ ਸੀਨੀਅਰ ਅਫ਼ਸਰਾਂ ਵਿੱਚ ਬਹੁਤ ਹਰਮਨ ਪਿਆਰਾ ਸੀ। ਕਰੀਬ 24 ਸਾਲ ਫੌਜ ਦੀ ਸੇਵਾ ਕਰਨ ਤੋਂ ਬਾਅਦ ਉਹ 2016 ਵਿੱਚ ਸੇਵਾਮੁਕਤ ਹੋਇਆ। ਨਾ ਸਿਰਫ ਸਿੰਘੂ ਬਾਰਡਰ ’ਤੇ, ਬਲਕਿ ਉਹ ਆਪਣੇ ਆਪ ਨੂੰ ਕਿਸਾਨੀ ਲਹਿਰ ਲਈ ਪਹਿਲਾਂ ਹੀ ਸਮਰਪਿਤ ਕਰ ਚੁੱਕਿਆ ਹੈ। ਪਿਛਲੇ ਸਾਲ ਜਦ ਕਿਸਾਨ ਆਗੂ ਪਿੰਡਾਂ-ਮੋਟਰਾਂ ’ਤੇ ਜਾ ਜਾ ਕੇ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਦੱਸਦੇ ਸਨ ਤਾਂ ਵੀ ਮੇਜਰ ਖਾਨ ਦਿਨ ਰਾਤ ਆਪਣੀਆਂ ਸੇਵਾਵਾਂ ਨਿਭਾਉਂਦਾ ਰਿਹਾ ਹੈ।