ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਕਤੂਬਰ
ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਯਮੁਨਾ ਨਦੀ ’ਤੇ ਛੱਠ ਪੂਜਾ ਲਈ ਨਿਰਧਾਰਿਤ ਘਾਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਧਾਲੂਆਂ ਲਈ ਪਾਣੀ ਤੇ ਘਾਟਾਂ ਦੀ ਸਫ਼ਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਿਕ ਉਪ ਰਾਜਪਾਲ ਨੇ ਇਸ ਮੁੱਦੇ ’ਤੇ ਕੇਜਰੀਵਾਲ ਨੂੰ ਗੁੰਮਰਾਹਕੁਨ ਅਤੇ ਝੂਠੇ ਪ੍ਰਚਾਰ ਤੋਂ ਵੀ ਸੁਚੇਤ ਕੀਤਾ ਹੈ। ਐਲਜੀ ਦਾ ਇਹ ਪ੍ਰਤੀਕਰਮ ਕੇਜਰੀਵਾਲ ਦੇ ਉਸ ਟਵੀਟ ਤੋਂ ਬਾਅਦ ਆਇਆ, ਜਿਸ ‘ਚ ਕਿਹਾ ਗਿਆ ਸੀ ਕਿ ਯਮੁਨਾ ਨਦੀ ’ਤੇ ਕਿਤੇ ਵੀ ਛਠ ਪੂਜਾ ਕੀਤੀ ਜਾ ਸਕਦੀ ਹੈ। ਇਸ ਦੌਰਾਨ ਲੈਫਟੀਨੈਂਟ ਗਵਰਨਰ ਸਕਸੈਨਾ ਨੇ ਯਮੁਨਾ ਵਿੱਚ ਪ੍ਰਦੂਸ਼ਣ ਦੇ ਸਬੰਧ ’ਚ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਸਬੰਧੀ ਹਦਾਇਤਾਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਛੱਠ ਦਾ ਤਿਉਹਾਰ 30 ਤੇ 31 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਦੌਰਾਨ ਔਰਤਾਂ ਵਰਤ ਰੱਖ ਕੇ ਗੋਡਿਆਂ ਤੱਕ ਪਾਣੀ ਵਿੱਚ ਖੜ੍ਹੀਆਂ ਹੋ ਕੇ ਚੜ੍ਹਦੇ ਤੇ ਡੁੱਬਦੇ ਸੂਰਜ ਨੂੰ ਪਾਣੀ ਦਿੰਦੀਆਂ ਹਨ। ਇਹ ਤਿਉਹਾਰ ਦਿੱਲੀ ਵਿੱਚ ਰਹਿਣ ਵਾਲੇ ਬਿਹਾਰ ਤੇ ਯੂਪੀ ਦੇ ਲੋਕਾਂ ਵਿਚਾਲੇ ਕਾਫ਼ੀ ਪ੍ਰਸਿੱਧ ਹੈ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਅਗਸਤ ਵਿੱਚ ਉਪ ਰਾਜਪਾਲ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੂੰ ਯਮੁਨਾ ਦੇ ਘਾਟਾਂ ’ਤੇ ਪੂਜਾ ਲਈ ਲੋੜੀਂਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਜਾਣਕਾਰੀ ਮੁਤਾਬਿਕ ਦਿੱਲੀ ਸਰਕਾਰ ਨੇ 1100 ਥਾਵਾਂ ’ਤੇ ਛਠ ਪੂਜਾ ਦੀ ਵਿਵਸਥਾ ਕੀਤੀ ਹੈ। ਦਿੱਲੀ ਦੇ ਮਾਲ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਸੀ ਕਿ ਪਹਿਲਾਂ ਵੀ ਦਿੱਲੀ ਸਰਕਾਰ ਨੇ ਘਾਟਾਂ ਦੀ ਉਸਾਰੀ, ਸ਼ਰਧਾਲੂਆਂ ਵੱਲੋਂ ਚੜ੍ਹਾਵਾ ਚੜ੍ਹਾਉਣ ਵਾਲੇ ਸਥਾਨਾਂ ਦੇ ਆਲੇ-ਦੁਆਲੇ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਆਦਿ ਦੇ ਰੂਪ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹਨ। ਇਸ ਸਾਲ ਵੀ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਤਿਆਰ ਹੈ।
ਕਾਂਗਰਸ ਵੱਲੋਂ ਛੱਠ ਮੌਕੇ ਸਰਕਾਰੀ ਛੁੱਟੀ ਦੀ ਮੰਗ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਕਾਂਗਰਸ ਦੀ ਸ਼ੀਲਾ ਸਰਕਾਰ ਨੇ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਵਰਗੇ ਪੂਰਵਾਂਚੱਲੀ ਰਾਜਾਂ ਦੇ ਪਰਵਾਸੀਆਂ ਦੀ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਛਠ ਮਹਾਪਰਵ ‘ਤੇ ਜਨਤਕ ਛੁੱਟੀ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਲ 2010 ਵਿੱਚ ਦਿੱਲੀ ਦੀ ਸ਼ੀਲਾ ਸਰਕਾਰ ਨੇ ਆਬਕਾਰੀ ਨਿਯਮਾਂ ਦੇ 52ਵੇਂ ਨਿਯਮ ਅਨੁਸਾਰ 21 ਦਿਨਾਂ ਨੂੰ ਡਰਾਈ ਡੇਅ ਵਜੋਂ ਨੋਟੀਫਾਈ ਕੀਤਾ ਸੀ। ਜਦੋਂ ਕਿ ਇਸ ਵੇਲੇ ਕੇਜਰੀਵਾਲ ਸਰਕਾਰ ਨੇ ਸਿਰਫ਼ ਤਿੰਨ ਦਿਨ ਡਰਾਈ-ਡੇਅ ਵਜੋਂ ਐਲਾਨੇ ਹਨ। ਇਸ ਦੌਰਾਨ ਸੂਬਾ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਛਠ ਸੰਧਿਆ ਸਮਾਗਮ ਵਾਲੇ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ ਤੇ ਇਸ ਦਿਨ ਨੂੰ ਡਰਾਈ-ਡੇਅ ਵਜੋਂ ਨੋਟੀਫਾਈ ਕੀਤਾ ਜਾਵੇ। ਸ੍ਰੀ ਅਨਿਲ ਕੁਮਾਰ ਨੇ ਕਿਹਾ ਕਿ ਭਾਰਤ ਵਰਗੇ ਧਰਮ ਨਿਰਪੱਖ ਦੇਸ਼ ਵਿੱਚ ਦੇਵੀ-ਦੇਵਤਿਆਂ ਨੂੰ ਹਥਿਆਰਾਂ ਵਜੋਂ ਵਰਤ ਕੇ ਰਾਜਨੀਤੀ ਕਰਨਾ ਇੱਕ ਦੁਖਦਾਈ ਘਟਨਾ ਹੈ, ਅਰਵਿੰਦ ਕੇਜਰੀਵਾਲ ਸੰਵਿਧਾਨਕ ਅਹੁਦਾ ਸੰਭਾਲਣ ਦੇ ਬਾਵਜੂਦ ਚੋਣਾਂ ਜਿੱਤਣ ਲਈ ਹਰ ਸੰਭਵ ਯਤਨ ਕਰਦੇ ਹਨ। ਅਜਿਹਾ ਬਿਆਨ ਦਿੰਦੇ ਹੋਏ ਕੇਜਰੀਵਾਲ ਸ਼ਾਇਦ ਇਹ ਭੁੱਲ ਗਏ ਹਨ ਕਿ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਬਣਦਿਆਂ ਹੀ ਸੰਵਿਧਾਨ ਦੀ ਸਹੁੰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਸੰਵਿਧਾਨਕ ਅਹੁਦੇ ਦੀ ਦੁਰਵਰਤੋਂ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਪ੍ਰਭਾਵ ਨਾਲ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।