ਨਵੀਂ ਦਿੱਲੀ, 31 ਅਗਸਤ
ਚਾਰ ਬਦਮਾਸ਼ਾਂ ਨੇ ਕਥਿਤ ਤੌਰ ’ਤੇ ਪੁਲੀਸ ਮੁਲਾਜ਼ਮ ਦਾ ਭੇਸ ਧਾਰ ਕੇ ਅੱਜ ਕੋਰੀਅਰ ਕੰਪਨੀ ਦੇ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਲਾਲ ਮਿਰਚ ਪਾਊਡਰ ਪਾ ਕੇ ਉਨ੍ਹਾਂ ਨੂੰ ਲੁੱਟ ਲਿਆ। ਪੁਲੀਸ ਨੇ ਦੱਸਿਆ ਕਿ ਗਹਿਣਿਆਂ ਦੀ ਖੇਪ ਦੀ ਕੀਮਤ ਦੋ ਕਰੋੜ ਰੁਪਏ ਹੋਵੇਗੀ। ਲੁੱਟੇ ਗਏ ਵਿਅਕਤੀ ਪੈਕੇਜ ਦੇਣ ਲਈ ਚੰਡੀਗੜ੍ਹ ਜਾ ਰਹੇ ਸਨ। ਇਹ ਘਟਨਾ ਮੱਧ ਦਿੱਲੀ ਦੇ ਪਹਾੜਗੰਜ ਇਲਾਕੇ ਵਿੱਚ ਸਵੇਰੇ 4 ਤੋਂ 5 ਵਜੇ ਦਰਮਿਆਨ ਵਾਪਰੀ। ਡੀਸੀਪੀ (ਸੈਂਟਰਲ) ਸ਼ਵੇਤਾ ਚੌਹਾਨ ਨੇ ਕਿਹਾ ਕਿ ਸਾਨੂੰ ਸਥਾਨਕ ਨਿਵਾਸੀਆਂ ਤੋਂ ਘਟਨਾ ਬਾਰੇ ਇੱਕ ਕਾਲ ਆਈ ਜਿਨ੍ਹਾਂ ਨੇ ਦੋਸ਼ ਲਗਾਇਆ ਕਿ ਕੁਝ ਆਦਮੀ ਆਏ ਤੇ ਪੀੜਤਾਂ ਦੀਆਂ ਅੱਖਾਂ ਵਿੱਚ ਲਾਲ ਮਿਰਚ ਪਾਊਡਰ ਪਾ ਕੇ ਲੁੱਟ ਲਿਆ। ਡੀਸੀਪੀ ਨੇ ਕਿਹਾ ਕਿ ਗਹਿਣਿਆਂ ਦੀ ਕੀਮਤ ਲਗਭਗ ਦੋ ਕਰੋੜ ਰੁਪਏ ਸੀ ਤੇ ਬਾਕੀ ਦੀ ਕੀਮਤ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿਉਂਕਿ ਖੇਪ ਵੱਖ-ਵੱਖ ਥਾਵਾਂ ਜਿਵੇਂ ਕਿ ਬੰਬਈ, ਅਹਿਮਦਾਬਾਦ, ਸੂਰਤ ਆਦਿ ਤੋਂ ਪ੍ਰਾਪਤ ਹੋਈ ਸੀ।