ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਦਸੰਬਰ
ਦਿੱਲੀ ਸਰਕਾਰ ਵੱਲੋਂ ਕਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਪੁੱਟੇ ਕਦਮਾਂ ਤਹਿਤ ਦਿੱਲੀ ਮੈਟਰੋ ਤੇ ਬੱਸਾਂ ਵਿੱਚ 50% ਸਮਰੱਥਾ ਨਾਲ ਹੀ ਸਵਾਰੀਆਂ ਦੇ ਸਫ਼ਰ ਕਰਨ ਦੇ ਆਦੇਸ਼ਾਂ ਮਗਰੋਂ ਆਮ ਲੋਕਾਂ ਦੀਆਂ ਕਤਾਰਾਂ ਮੈਟਰੋ ਸਟੇਸ਼ਨਾਂ ’ਤੇ ਬੱਸ ਅੱਡਿਆਂ ਉਪਰ ਦੇਖੀਆਂ ਗਈਆਂ ਅਤੇ ਲੋਕਦੇਰੀ ਨਾਲ ਆਪਣੀਆਂ ਮੰਜ਼ਿਲਾਂ ਉਪਰ ਪੁੱਜੇ। ਮੈਟਰੋ ਦੇ ਕੁੱਲ ਸਟੇਸ਼ਨਾਂ ਦੇ 712 ਗੇਟਾਂ ਵਿੱਚੋਂ 444 ਹੀ ਖੋਲ੍ਹੇ ਜਾਣ ਕਾਰਨ ਇਹ ਕਤਾਰਾਂ ਲੱਗੀਆਂ।
ਇਹ ਕਤਾਰਾਂ ਕਰੋਨਾ ਪ੍ਰੋਟੋਕੋਲ ਸਖ਼ਤੀ ਨਾਲ ਲਾਗੂ ਕਰਨ ਕਾਰਨ ਲੱਗੀਆਂ ਕਿਉਂਕਿ ਮੈਟਰੋ ਰੇਲ ਦੇ ਸਟੇਸ਼ਨਾਂ ਦੇ ਬਹੁਤ ਸਾਰੇ ਗੇਟ ਬੰਦ ਕੀਤੇ ਗਏ ਹਨ ਤੇ ਦਾਖ਼ਲੇ ਸਮੇਂ ਹਰੇਕ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਮੈਟਰੋ ਤੇ ਬੱਸਾਂ ਵਿੱਚ ਹੁਣ ਖੜ੍ਹੇ ਹੋ ਕੇ ਸਵਾਰੀ ਕਰਨ ਦੀ ਆਗਿਆ ਵੀ ਨਹੀਂ ਦਿੱਤੀ ਗਈ। ਕਈ ਯਾਤਰੀਆਂ ਨੇ ਦੱਸਿਆ ਕਿ ਮੁੱਖ ਮੈਟਰੋ ਸਟੇਸ਼ਨਾਂ ਉਪਰ ਸਟੇਸ਼ਨ ਦੇ ਅੰਦਰ ਜਾਣ ਲਈ ਹੀ 20-30 ਮਿੰਟ ਲੱਗ ਜਾਂਦੇ ਹਨ ਤੇ ਫਿਰ ਮੈਟਰੋ ਵਿੱਚ ਸਫ਼ਰ ਕਰਨ ਲਈ ਕਈ ਰੇਲਾਂ ਛੱਡਣੀਆਂ ਪੈਂਦੀਆਂ ਹਨ, ਕਿਉਂਕਿ ਇਹ ਪਹਿਲਾਂ ਹੀ ਭਰੀਆਂ ਹੁੰਦੀਆਂ ਹਨ। ਇਹ ਹਾਲ ਐਨਸੀਆਰ ਦੇ ਸ਼ਹਿਰਾਂ ਦੇ ਮੈਟਰੋ ਸਟੇਸ਼ਨਾਂ ਉਪਰ ਵੀ ਹੈ ਜਿੱਥੋਂ ਰੋਜ਼ਾਨਾ ਹਜ਼ਾਰਾਂ ਲੋਕ ਦਿੱਲੀ ਆਉਂਦੇ-ਜਾਂਦੇ ਹਨ।
ਮੈਟਰੋ ਪ੍ਰਸ਼ਾਸਨ ਵੱਲੋਂ ਕਈ ਸਟੇਸ਼ਨਾਂ ਉਪਰ ਇਕ ਸਮੇਂ ਸਿਰਫ਼ 15 ਲੋਕਾਂ ਨੂੰ ਸਟੇਸ਼ਨ ਵਿੱਚ ਦਾਖ਼ਲ ਹੋਣ ਦਿੱਤਾ ਜਾਂਦਾ ਹੈ। ਲੋਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਦੱਸਿਆ ਗਿਆ ਕਿ ਜੋ ਵੀ ਮੈਟਰੋ ਵਿੱਚ ਸਫ਼ਰ ਕਰਨਾ ਚਾਹੁੰਦਾ ਹੈ ਉਹ ਦੋ ਘੰਟੇ ਪਹਿਲਾਂ ਘਰੋਂ ਨਿਕਲੇ। ਮੈਟਰੋ ਦੇ ਦਿੱਲੀ ਦੇ ਰਾਜੀਵ ਚੌਕ, ਧੌਲਾ ਕੂੰਆਂ, ਕਸ਼ਮੀਰੀ ਗੇਟ, ਇੰਟਰਚੈਂਜ ਵਾਲੇ ਕਰੀਬ ਸਾਰੇ ਸਟੇਸ਼ਨਾਂ ਉਪਰ ਯਾਤਰੀਆਂ ਦੀਆਂ ਕਤਾਰਾਂ ਦੇਖੀਆਂ ਗਈਆਂ। ਗੁਰੂਗ੍ਰਾਮ ਦੇ ਪ੍ਰਤੀਕ ਮਾਧੋਪੁਰੀ ਨੇ ਕਿਹਾ ਕਿ ਉਸ ਨੂੰ ਦੋ ਘੰਟੇ ਵਿੱਚ ਆਪਣਾ ਮੈਟਰੋ ਦਾ ਸਫ਼ਰ ਮੁਕਾਉਣਾ ਪਿਆ। ਉਸ ਨੇ ਦੱਸਿਆ ਕਿ ਹੁੱਡਾ ਸਿਟੀ ਸੈਂਟਰ ਤੇ ਇਫ਼ਕੋ ਚੌਕ ਮੈਟਰੋ ਸਟੇਸ਼ਨਾਂ ਦੇ ਬਾਹਰ ਖਾਸੀ ਭੀੜ ਰਹੀ। ਫਰੀਦਾਬਾਦ ਦੇ ਸਨਅਤਕਾਰ ਸੁਖਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਫਰੀਦਾਬਾਦ ਦੇ ਪੁਰਾਣਾ ਫਰੀਦਾਬਾਦ, ਨੀਲਮ ਦੇ ਅਜ਼ਰੌਂਦਾ ਸਟੇਸ਼ਨ ਤੇ ਬਦਰਪੁਰ ਸਟੇਸ਼ਨ ਕੋਲ ਵੀ ਖਾਸੀ ਭੀੜ ਸੀ।
ਦਿੱਲੀ ਆਵਾਜਾਈ ਨਿਗਮ (ਡੀਟੀਸੀ) ਵੱਲੋਂ ਵੀ ਆਪਣੀਆਂ ਬੱਸਾਂ ਵਿੱਚ 50% ਦੀ ਸਮਰੱਥਾ ਨਾਲ ਸਫ਼ਰ ਕਰਨ ਦੇ ਨਿਯਮ ਤੇ ਬੱਸਾਂ ਵਿੱਚ ਖੜ੍ਹੇ ਨਾ ਹੋਣ ਦੀ ਸ਼ਰਤ ਦੇ ਚੱਲਦੇ ਲੋਕਲ ਬੱਸ ਅੱਡਿਆਂ ਉਪਰ ਭੀੜ ਰਹੀ। ਬੱਸਾਂ ਵਿੱਚ ਚੜ੍ਹਨ ਲਈ ਲੋਕ ਨੂੰ ਕਤਾਰਾਂ ਵਿੱਚ ਬੱਸਾਂ ਦਾ ਇੰਤਜ਼ਾਰ ਕਰਨਾ ਪਿਆ। ਕਈਆਂ ਨੇ ਅੱਜ ਦੇ ਸਫ਼ਰ ਦੇ ਕੌੜੇ ਤਜਰਬੇ ਮਗਰੋਂ ਆਪਣੀਆਂ ਗੱਡੀਆਂ ਦੀ ਵਰਤੋਂ ਨੂੰ ਤਰਜੀਹ ਦੇਣ ਦਾ ਇਰਾਦਾ ਜਾਹਿਰ ਕੀਤਾ ਗਿਆ। ਦਿੱਲੀ ਦੇ ਸਰਕਾਰੀ ਤੇ ਨਿੱਜੀ ਦਫ਼ਤਰਾਂ ਵਿੱਚ 50% ਮੁਲਾਜ਼ਮਾਂ ਨਾਲ ਕੰਮ ਕਰਨ ਦੇ ਨਿਯਮ ਕਾਰਨ ਵੀ ਲੋਕਾਂ ਵਿੱਚ ਦਫ਼ਤਰਾਂ ਵਿੱਚ ਛੇਤੀ ਪੁੱਜਣ ਦੀ ਕਾਹਲ ਸੀ।
ਦਿੱਲੀ ਵਿੱਚ ਹੁਣ ਤੱਕ ਓਮੀਕਰੋਨ ਦੇ 238 ਮਾਮਲੇ
ਦਿੱਲੀ ਵਿੱਚ ਹੁਣ ਤੱਕ ਓਮੀਕਰੋਨ ਦੇ 238 ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਕ ਦਿਨ ਪਹਿਲਾਂ ਨਵੇਂ ਵੇਰੀਐਂਟ ਦੇ 165 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ 57 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਰਾਜਧਾਨੀ ਵਿੱਚ ਮੰਗਲਵਾਰ ਨੂੰ ਰੋਜ਼ਾਨਾ ਕੋਵਿਡ -19 ਵਿੱਚ 496 ਨਵੇਂ ਕੇਸਾਂ ਦਾ ਵਾਧਾ ਦਰਜ ਕੀਤਾ ਗਿਆ ਜੋ ਕਿ 4 ਜੂਨ ਤੋਂ ਬਾਅਦ ਸਭ ਤੋਂ ਵੱਧ ਹੈ, ਜਦੋਂ ਕਿ ਇੱਕ ਮੌਤ ਦੇ ਨਾਲ ਸ਼ਹਿਰ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ 0.89 ਪ੍ਰਤੀਸ਼ਤ ਪਾਜ਼ੇਟਿਵ ਦਰ ਵੀ ਵੱਧ ਗਈ ਹੈ।
ਕੌਮਾਂਤਰੀ ਉਡਾਣਾਂ ਕਾਰਨ ਕਰੋਨਾ ਕੇਸਾਂ ’ਚ ਵਾਧਾ ਹੋਇਆ: ਜੈਨ
ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਦੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਆਉਣ ਵਾਲੀਆਂ ਕੌਮਾਂਤਰੀ ਉਡਾਣਾਂ ਕਾਰਨ ਕਰੋਨਾ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਦਿੱਲੀ ਸਰਕਾਰ ਵੱਲੋਂ ਕਰੋਨਾ ਦੀ ਨਵੀਂ ਕਿਸਮ ਓਮੀਕਰੋਨ ਦੇ ਇਲਾਜ ਲਈ ਪੁੱਟੇ ਗਏ ਕਦਮਾਂ ਦੀ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕਰਦਿਆਂ ਸ੍ਰੀ ਜੈਨ ਨੇ ਕਿਹਾ ਕਿ ਕੌਮਾਂਤਰੀ ਉਡਾਣਾਂ ਨਾਲ ਮਾਮਲੇ ਵਧੇ ਜਿਵੇਂ ਕਿ ਪਹਿਲਾਂ ਦੀਆਂ ਲਹਿਰਾਂ ਦੌਰਾਨ ਵੀ ਉਡਾਣਾਂ ਆਉਣ ਕਾਰਨ ਮਾਮਲੇ ਵਧੇ ਹਨ। ਸ੍ਰੀ ਜੈਨ ਨੇ ਕਿਹਾ ਕਿ ਕੌਮਾਂਤਰੀ ਉਡਾਣਾਂ ਰਾਹੀਂ ਆਏ ਲੋਕਾਂ ਦੇ ਨੈਗੇਟਿਵ ਟੈਸਟ ਆਏ ਤੇ ਉਨ੍ਹਾਂ ਨੂੰ ਘਰਾਂ ਨੂੰ ਜਾਣ ਦਿੱਤਾ ਗਿਆ ਜਿੱਥੇ ਸਥਾਨਕ ਪ੍ਰਸ਼ਾਸਨ ਉਨ੍ਹਾਂ ਦੇ ਸੰਪਰਕ ਵਿੱਚ ਹੈ। ਘਰਾਂ ਵਿੱਚ ਜਦੋਂ ਦੁਬਾਰਾ ਜਾਂਚ ਕੀਤੀ ਜਾਂਦੀ ਹੈ ਤਾਂ ਕਈ ਵਾਰ ਲੋਕ ਪਾਜ਼ੇਟਿਵ ਆਉਂਦੇ ਹਨ, ਜਿਸ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਲਾਗ ਲੱਗ ਜਾਂਦੀ ਹੈ। ਸਿਹਤ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣਾ ਹੁੰਦਾ ਹੈ। ਉਨ੍ਹਾਂ ਦੀ ਅੱਠਵੇਂ ਦਿਨ ਮੁੜ ਜਾਂਚ ਕੀਤੀ ਜਾਂਦੀ ਹੈ ਤਾਂ ਫਿਰ ਉਨ੍ਹਾਂ ਨੂੰ ਸਵੈ-ਖ਼ਿਆਲ ਰੱਖਣਾ ਹੁੰਦਾ ਹੈ। ਸ੍ਰੀ ਜੈਨ ਨੇ ਕਿਹਾ ਕਿ ਅਜਿਹੇ ਮਰੀਜ਼ਾਂ ਦੇ ਨਮੂਨੇ ਜੀਨੋਮਿਕ ਜਾਂਚ ਲਈ ਭੇਜੇ ਜਾਂਦੇ ਹਨ ਤੇ ਉਨ੍ਹਾਂ ਦਾ ਇਕਾਂਤਵਾਸ ਵਿੱਚ ਕਰੋਨਾ ਪ੍ਰੋਟੋਕੋਲ ਤਹਿਤ ਇਲਾਜ ਹੁੰਦਾ ਹੈ। ਸਤਿੰਦਰ ਜੈਨ ਨੇ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਕਰੋਨਾ ਨੂੰ ਲੈ ਕੇ ਹਰ ਪੱਧਰ ‘ਤੇ ਤਿਆਰ ਹੈ। ਸਾਡੇ ਕੋਲ ਕਾਫ਼ੀ ਆਕਸੀਜਨ, ਦਵਾਈਆਂ ਤੇ ਬਿਸਤਰੇ ਹਨ। ਕਰੋਨਾ ਦੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਲੋੜ ਮੁਤਾਬਕ ਕਦਮ ਚੁੱਕਣ ਲਈ ਤਿਆਰ ਹਨ। ਓਮੀਕਰੋਨ ਦੇ ਜ਼ਿਆਦਾਤਰ ਮਾਮਲੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਿੱਚ ਪਾਏ ਜਾ ਰਹੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਨ ਵਿੱਚ ਰੋਜ਼ਾਨਾ ਤਿੰਨ ਲੱਖ ਟੀਕਾਕਰਨ ਵਾਧਾ ਕੀਤਾ ਹੈ। ਜੈਨ ਨੇ ਕਿਹਾ ਕਿ ਜੇਕਰ ਕਰੋਨਾ ਦੇ ਮਾਮਲੇ ਵਧਦੇ ਹਨ ਤਾਂ ਦਿੱਲੀ ਸਰਕਾਰ ਹੋਰ ਪਾਬੰਦੀਆਂ ਲਗਾ ਸਕਦੀ ਹੈ। ਜੇਕਰ ਲਗਾਤਾਰ ਦੋ ਦਿਨਾਂ ਤੱਕ ਪਾਜ਼ੇਟਿਵ ਦਰ 1 ਫੀਸਦੀ ਤੋਂ ਜ਼ਿਆਦਾ ਰਹਿੰਦਾ ਹੈ ਤਾਂ ਦਿੱਲੀ ਵਿੱਚ ‘ਲੈਵਲ ਟੂ ਅੰਬਰ ਅਲਰਟ’ ਜਾਰੀ ਕੀਤਾ ਜਾਵੇਗਾ। ਰਾਤ ਦੇ ਕਰਫਿਊ ਨੂੰ ਹੋਰ ਸਖ਼ਤ ਕੀਤਾ ਜਾਵੇਗਾ। ਸਿਹਤ ਵਿਭਾਗ ਦਿੱਲੀ ਦੀ ਸਥਿਤੀ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਹਸਪਤਾਲਾਂ ਵਿੱਚ ਆਕਸੀਜਨ, ਦਵਾਈਆਂ ਤੇ ਬੈੱਡ ਕਾਫ਼ੀ ਹਨ। ਜਨਵਰੀ ਦੇ ਪਹਿਲੇ ਹਫ਼ਤੇ ਤੋਂ ਬੱਚਿਆਂ ਦੇ ਟੀਕਾਕਰਨ ਤੇ ਬਜ਼ੁਰਗਾਂ ਨੂੰ ਬੂਸਟਰ ਡੋਜ਼ ਦੇਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਹਿਲਾਂ ਤੋਂ ਮੌਜੂਦ ਟੀਕਾਕਰਨ ਕੇਂਦਰ ਵਿੱਚ ਹੀ ਬੱਚਿਆਂ ਨੂੰ ਟੀਕਾਕਰਨ ਅਤੇ ਬਜ਼ੁਰਗਾਂ ਨੂੰ ਬੂਸਟਰ ਡੋਜ਼ਾਂ ਦਿੱਤੀਆਂ ਜਾਣਗੀਆਂ। ਸਿਹਤ ਮੰਤਰੀ ਨੇ ਦਿੱਲੀ ਦੇ ਲੋਕਾਂ ਨੂੰ ਕੋਰੋਨਾ ਨਾਲ ਜੁੜੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।
ਨਵੇਂ ਸਾਲ ਦੇ ਜਸ਼ਨਾਂ ’ਚ ਖਲਲ ਪਿਆ, ਦਿੱਲੀ ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ
ਨਵੀਂ ਦਿੱਲੀ: ਕਰੋਨਾ ਨੇਮਾਂ ਕਾਰਨ ਦਿੱਲੀ ਵਾਸੀਆਂ ਨੇ ਨਵੇਂ ਸ਼ਾਲ ਦੇ ਜਸ਼ਨਾਂ ਵਿੱਚ ਖਲਲ ਪੈ ਗਿਆ ਹੈ ਤੇ ਉਨ੍ਹਾਂ ਦੀਆਂ ਨਵੇਂ ਸਾਲ 2022 ਦੇ ਸਵਾਗਤ ਦੇ ਚਾਅ ਧਰੇ-ਧਰਾਏ ਰਹਿ ਗਏ ਹਨ। ਦਿੱਲੀ ਸਰਕਾਰ ਵੱਲੋਂ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕੀਤਾ ਗਿਆ ਹੈ ਤੇ ਚੌਕਸੀ ਵੀ ਵਧਾਈ ਹੋਈ ਹੈ। ਦਿੱਲੀ ਵਿੱਚ ਕਨਾਟ ਪਲੈਸ ਨਵੇਂ ਸਾਲ ਦੇ ਜਸ਼ਨਾਂ ਲਈ ਅਹਿਮ ਥਾਂ ਹੁੰਦੀ ਹੈ। ਪਹਿਲਾਂ ਇੰਡੀਆ ਗੇਟ ਉਪਰ ਵੀ ਲੋਕ ਨਵੇਂ ਵਰ੍ਹੇ ਦੇ ਸਵਾਗਤ ਲਈ ਪਹੁੰਚ ਜਾਂਦੇ ਸਨ ਪਰ ਇਸ ਵਾਰ ਉੱਥੇ ਸੈਂਟਰਲ ਵਿਸਟਾ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਕਰਕੇ ਆਮ ਲੋਕ ਉੱਥੇ ਨਹੀਂ ਜਾ ਸਕਣਗੇ। ਖ਼ਾਨ ਮਾਰਕੀਟ, ਕਰੋਨ ਬਾਗ਼ ਵਰਗੀਆਂ ਥਾਵਾਂ ਉਪਰ ਵੀ ਰੇਸਤਰਾਂ ਸੰਚਾਲਕਾਂ ਵੱਲੋਂ ਵਿਊਂਤੇ ਪ੍ਰਬੰਧ ਹੁਣ ਲਾਗੂ ਨਹੀਂ ਕੀਤੇ ਜਾ ਸਕਣਗੇ। ਹਰ ਥਾਂ ਕਰੋਨਾ ਪ੍ਰੋਟੋਕੋਲ ਲਾਗੂ ਕਰਨ ਦੀ ਸਖ਼ਤੀ ਬਣੀ ਰਹੇਗੀ। ਉਧਰ ਦਿੱਲੀ ਪੁਲੀਸ ਵੱਲੋਂ ਨਵੇਂ ਵਰ੍ਹੇ ਦੇ ਸਬੰਧ ਵਿੱਚ ਟ੍ਰੈਫਿਕ ਪ੍ਰਬੰਧਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਤਹਿਤ ਕਨਾਟ ਪਲੇਸ ਦੇ ਅੰਦਰੂਨੀ ਦਾਇਰੇ ਵਿੱਚ ਕੋਈ ਵੀ ਗੱਡੀ ਨਹੀਂ ਜਾ ਸਕੇਗੀ। ਇਹ ਨਿੱਜੀ ਤੇ ਸਰਕਾਰੀ ਦੋਨਾਂ ਗੱਡੀਆਂ ਉਪਰ ਲਾਗੂ ਹੋਵੇਗੀ। ਟ੍ਰੈਫਿਕ ਪੁਲੀਸ ਵੱਲੋਂ ਕਿਹਾ ਗਿਆ ਕਿ ਲੋਕ ਆਪਣੀਆਂ ਗੱਡੀਆਂ ਮੰਡੀ ਹਾਊਸ, ਬੰਗਾਲੀ ਮਾਰਕੀਟ ਦੇ ਨੇੜੇ ਦੇ ਖੇਤਰਾਂ ਤੋਂ ਅੱਗੇ ਕਨਾਟ ਪਲੇਸ ਵਿੱਚ ਨਹੀਂ ਲੈ ਜਾ ਸਕਣਗੇ। ਕਨਾਟ ਪਲੈਸ ਦੇ ਅੰਦਰਲੇ, ਵਿਚਾਲੇ ਦੇ ਤੇ ਬਾਹਰੀ ਚੱਕਰ ਵਿੱਚ ਗੱਡੀ ਦਾਖ਼ਲ ਨਹੀਂ ਹੋ ਸਕੇਗੀ। ਗੱਡੀਆਂ ਕਾਲੀ ਬਾੜੀ ਮਾਰਗ, ਗੋਲ ਡਾਕਖ਼ਾਨਾ, ਪੰਤ ਮਾਰਗ, ਭਾਈ ਵੀਰ ਸਿੰਘ ਮਾਰਗ, ਏਆਈਆਰ ਦੇ ਪਿੱਛੇ ਰਕਾਬ ਗੰਜ ਤੇ ਪਟੇਲ ਚੌਕ, ਮੰਡੀ ਹਾਊਸ ਨੇੜੇ ਖੜ੍ਹੀਆਂ ਕਰਕੇ ਪੈਦਲ ਕਨਾਟ ਪਲੇਸ ਜਾਇਆ ਜਾ ਸਕੇਗਾ। ਜੋ ਗੱਡੀਆਂ ਕਨਾਟ ਪਲੇਸ ਵਿੱਚ ਜਾਣ ਦੀ ਆਗਿਆ ਹੋਵੇਗੀ ਉਹ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ’ਤੇ ਪਾਰਕਿੰਗ ਵਿੱਚ ਖੜ੍ਹੀਆਂ ਹੋ ਸਕਣਗੀਆਂ। ਇਹ ਪਾਬੰਦੀਆਂ ਰਾਤ 8 ਵਜੇ ਤੋਂ ਜਸ਼ਨਾਂ ਦੀ ਸਮਾਪਤੀ ਤੱਕ ਲਾਗੂ ਰਹਿਣਗੀਆਂ।