ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਈ
ਦਿੱਲੀ ਤੇ ਹਰਿਆਣਾ ਵਿੱਚ ਕਰੋਨਾ ਰੋਕਣ ਲਈ ਸ਼ੁਰੂ ਕੀਤੇ ਲੌਕਡਾਊਨ ਦੌਰਾਨ ਇਸ ਖਿੱਤੇ ਦੇ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਘਰਾਂ ਵੱਲ ਨੂੰ ਹਿਜਰਤ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹ ਨਿੱਜੀ ਬੱਸ ਅਪਰੇਟਰਾਂ ਦੇ ਰਹਿਮੋ-ਕਰਮ ਉਪਰ ਨਿਰਭਰ ਹੋ ਕੇ ਆਪਣੇ ਘਰਾਂ ਨੂੰ ਜਾਣ ਲੱਗੇ ਹਨ। ਦਿੱਲੀ ਦੇ ਆਈਐੱਸਬੀਟੀ, ਸਰਾਏ ਕਾਲੇ ਖ਼ਾਂ, ਆਨੰਦ ਵਿਹਾਰ ਦੇ ਬੱਸ ਅੱਡਿਆਂ ਦੇ ਬਾਹਰਵਾਰ ਜਾਂ ਨੇੜੇ ਨਿੱਜੀ ਬੱਸ ਅਪਰੇਟਰਾਂ ਦੀਆਂ ਬੱਸਾਂ ਅੱਗੇ ਕਤਾਰਾਂ ਲਾਈ ਖੜੇ ਮਜ਼ਦੂਰ ਦਿਨ ਵੇਲੇ ਅਕਸਰ ਹੀ ਦੇਖੇ ਜਾ ਸਕਦੇ ਹਨ। ਕਰੋਨਾ ਕਾਰਨ ਸਰਕਾਰੀ ਰੋਡਵੇਜ਼ ਦੀਆਂ ਬੱਸਾਂ ਦੀਆਂ ਅੰਤਰਰਾਜੀ ਬੱਸ ਸੇਵਾਵਾਂ ਬੰਦ ਹਨ ਜਾਂ ਬਹੁਤ ਹੀ ਘੱਟ ਬੱਸਾਂ ਸਰਕਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਇਲਾਕਿਆਂ ਲਈ ਰੇਲ ਸੇਵਾਵਾਂ ਸਿੱਧੀਆਂ ਨਹੀਂ ਹਨ ਉੱਥੋਂ ਦੇ ਲੋਕਾਂ ਨੂੰ ਨਿੱਜੀ ਬੱਸ ਅਪਰੇਟਰਾਂ ਹੱਥੋਂ ਲੁੱਟਿਆ ਜਾ ਰਿਹਾ ਹੈ। ਦੁੱਗਣੇ-ਤਿੱਗਣੇ ਭਾਅ ਦੀਆਂ ਟਿਕਟਾਂ ਲੈ ਕੇ ਪ੍ਰਵਾਸੀ ਮਹਾਨਗਰ ਨੂੰ ਛੱਡ ਕੇ ਜਾ ਰਹੇ ਹਨ। ਲਾਜ਼ਮੀ ਸਾਮਾਨ ਨੂੰ ਛੱਡ ਕੇ ਅਦਾਰੇ, ਕੰਪਨੀਆਂ, ਕਾਰਖਾਨੇ, ਵਰਕਸ਼ਾਪਾਂ ਬੰਦ ਹੋਣ ਕਰਕੇ ਮਜ਼ਦੂਰਾਂ ਲਈ ਖਾਣ ਦੀ ਸਮੱਸਿਆ ਆ ਗਈ ਹੈ। ਇਸ ਵਾਰ ਲੌਕਡਾਊਨ ਦੌਰਾਨ ਦਿੱਲੀ ਸਰਕਾਰ ਤੇ ਸੰਸਥਾਵਾਂ ਨੇ ਆਮ ਮਜ਼ਦੂਰਾਂ ਲਈ ਭੋਜਨ ਦੀ ਵਿਵਸਥਾ ਨਹੀਂ ਕੀਤੀ ਹੈ, ਜਿਸ ਕਰਕੇ ਵੀ ਉਹ ਪਿੰਡਾਂ ਨੂੰ ਪਰਤ ਰਹੇ ਹਨ।