ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਗਸਤ
ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਬਾਹਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਭਾਜਪਾ ਵਿਧਾਇਕਾਂ ਨੇ ਇੱਕ ਨਕਲੀ ਵਿਧਾਨ ਸਭਾ ਸੈਸ਼ਨ ਕੀਤਾ ਤੇ ਕਥਿਤ ਸ਼ਰਾਬ ਘੁਟਾਲੇ ਨੂੰ ਲੈ ਕੇ ‘ਆਪ’ ਸਰਕਾਰ ਉੱਤੇ ਭੜਾਸ ਕੱਢੀ। ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਨਕਲੀ ਵਿਧਾਨ ਸਭਾ ਸੈਸ਼ਨ ਕਰਵਾਇਆ ਗਿਆ ਸੀ, ਜਿਸ ਦੌਰਾਨ ਭਾਜਪਾ ਦੇ ਮੈਂਬਰਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸੱਤਾਧਾਰੀ ਪਾਰਟੀ ਦੇ ਹੋਰ ਵਿਧਾਇਕਾਂ ਦੀ ਨਕਲ ਕਰਨ ਲਈ ਮਾਸਕ ਪਹਿਨੇ ਸਨ। ਸ਼ੁੱਕਰਵਾਰ ਨੂੰ ਵਿਸ਼ੇਸ਼ ਸੈਸ਼ਨ ਦੀ ਕਥਿਤ ਵੀਡੀਓ ਰਿਕਾਰਡਿੰਗ ਨੂੰ ਲੈ ਕੇ ਭਾਜਪਾ ਦੇ ਅੱਠ ਵਿਧਾਇਕਾਂ ਨੂੰ ਪੂਰੇ ਦਿਨ ਲਈ ਮਾਰਸ਼ਲ ਆਊਟ ਕਰ ਦਿੱਤਾ ਗਿਆ। ਨਕਲੀ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕਾਂ ਨੇ ਸਵਾਲ ਪੁੱਛਣ ਲਈ ਵਾਰੀ-ਵਾਰੀ ਕੀਤੀ ਤੇ ਕਥਿਤ ਸ਼ਰਾਬ ਘਪਲੇ ਨੂੰ ਲੈ ਕੇ ਕੇਜਰੀਵਾਲ ਸਰਕਾਰ ਦੀ ਆਲੋਚਨਾ ਕੀਤੀ ਜੋ ਕਿ ਉਹ ਸ਼ੁੱਕਰਵਾਰ ਨੂੰ ਸਦਨ ਵਿੱਚ ਨਹੀਂ ਕਰ ਸਕੇ। ਉਨ੍ਹਾਂ ਨੇ ਪੁੱਛਿਆ ਕਿ ਐਲਜੀ ਵੀ ਕੇ ਸਕਸੈਨਾ ਦੁਆਰਾ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੇ ਜਾਣ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਆਪਣੀ ਆਬਕਾਰੀ ਨੀਤੀ ਕਿਉਂ ਵਾਪਸ ਲੈ ਲਈ?
ਰੋਹਤਾਸ ਨਗਰ ਦੇ ਵਿਧਾਇਕ ਜਤਿੰਦਰ ਮਹਾਜਨ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੇ ਪੂਰੀ ਪੂਰਬੀ ਦਿੱਲੀ ‘ਚ ਇੱਕ ਵੀ ਸਕੂਲ ਜਾਂ ਹਸਪਤਾਲ ਨਹੀਂ ਖੋਲ੍ਹਿਆ ਸਗੋਂ ਹਰ ਥਾਂ ਸ਼ਰਾਬ ਦੀਆਂ ਦੁਕਾਨਾਂ ਲਗਾ ਦਿੱਤੀਆਂ ਹਨ। ਵਿਰੋਧੀ ਧਿਰ ਦੇ ਚੀਫ ਵ੍ਹਿਪ ਅਜੈ ਮਹਾਵਰ ਨੇ ਕਿਹਾ ਕਿ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਨਵੀਂ ਆਬਕਾਰੀ ਨੀਤੀ 2021-22 ਤੋਂ 9,500 ਕਰੋੜ ਰੁਪਏ ਦੀ ਕਮਾਈ ਹੋਵੇਗੀ ਪਰ ਇਹ ਪੁਰਾਣੇ ਸ਼ਾਸਨ ਦੌਰਾਨ ਕਮਾਏ 6000 ਕਰੋੜ ਰੁਪਏ ਦੇ ਬਰਾਬਰ ਨਹੀਂ ਹੋ ਸਕੀ। ਮਹਾਵਰ ਨੇ ਕਿਹਾ ਕਿ ਕੇਜਰੀਵਾਲ ਇਹ ਕਹਿੰਦੇ ਹੋਏ ਕਿ ਉਹ ਆਪਣੇ ਵਿਧਾਇਕਾਂ ਨੂੰ ਰਾਜਘਾਟ ’ਤੇ ਲੈ ਗਏ ਕਿ ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚੱਲੇ ਜੋ ਮਹਾਤਮਾ ਗਾਂਧੀ ਦੀ ਯਾਦਗਾਰ ਹੈ ਪਰ ਉਹ ਤਾਂ ਦਿੱਲੀ ਨੂੰ ਸ਼ਰਾਬ ਦਾ ਸ਼ਹਿਰ ਬਣਾਉਣ ਤੁਲੇ ਹੋਏ ਹਨ। ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਧੂੜੀ ਜਿਨ੍ਹਾਂ ਨੇ ਕਿਹਾ ਕਿ ਨਵੀਂ ਨੀਤੀ ਨਾਲ ਸਰਕਾਰ ਦਾ ਮਾਲੀਆ ਘਟਿਆ ਹੈ। ਕੇਜਰੀਵਾਲ ਸਰਕਾਰ ਦਿੱਲੀ ਵਿੱਚ ਆਪਣੇ ਅੱਠ ਸਾਲਾਂ ਦੇ ਸ਼ਾਸਨ ਵਿੱਚ ਇੱਕ ਵੀ ਕਾਲਜ ਖੋਲ੍ਹਣ ਵਿੱਚ ਅਸਫਲ ਰਹੀ ਹੈ। ਇਕ ਦਿਨ ਦਾ ਵਿਸ਼ੇਸ਼ ਸੈਸ਼ਨ ਵਧਾ ਦਿੱਤਾ ਗਿਆ ਹੈ ਤੇ ਸਦਨ ਸੋਮਵਾਰ ਨੂੰ ਮੁੜ ਬੁਲਾਏਗਾ ਜਿਸ ਵਿਚ ਕੇਜਰੀਵਾਲ ਸਰਕਾਰ ਭਰੋਸੇ ਦੀ ਵੋਟ ਮੰਗੇਗੀ।
ਸਿਸੋਦੀਆ ਅਸਤੀਫਾ ਨਹੀਂ ਦਿੰਦੇ ਹਨ ਤਾਂ ਹਟਾ ਦੇਣਾ ਚਾਹੀਦੈ: ਮਾਕਨ
ਨਵੀਂ ਦਿੱਲੀ(ਪੱਤਰ ਪ੍ਰੇਰਕ): ਕਾਂਗਰਸ ਨੇ ਕਥਿਤ ਆਬਕਾਰੀ ਨੀਤੀ ਘਪਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਆਲੋਚਨਾ ਕੀਤੀ ਤੇ ਮੰਗ ਕੀਤੀ ਕਿ ਜਾਂ ਤਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਅਜੈ ਮਾਕਨ ਨੇ ਵੀ ਦੋਸ਼ ਲਾਇਆ ਹੈ ਕਿ ਕੇਜਰੀਵਾਲ ਸਿਸੋਦੀਆ ਨੂੰ ਨਹੀਂ ਹਟਾ ਰਹੇ ਕਿਉਂਕਿ ਮਾਮਲੇ ਦੀਆਂ ਤਾਰਾਂ ਉਸ ਨਾਲ ਜੁੜੀਆਂ ਹੋਈਆਂ ਹਨ। ਮਾਕਨ ਨੇ ਕੇਜਰੀਵਾਲ ਨੂੰ ਆਬਕਾਰੀ ਨੀਤੀ ਦੇ ਮੁੱਦੇ ’ਤੇ ਬਹਿਸ ਦੀ ਚੁਣੌਤੀ ਦਿੱਤੀ ਤੇ ਆਬਕਾਰੀ ਨੀਤੀ ਘੁਟਾਲੇ ਦੀ ਜਾਂਚ ਦੀ ਮੰਗ ਕੀਤੀ। ਮਾਕਨ ਨੇ ਨੇ ਕਿਹਾ, ‘‘ਕੇਜਰੀਵਾਲ ਜੀ ਕਹਿੰਦੇ ਸਨ ਕਿ ਜਦੋਂ ਤੱਕ ਮੰਤਰੀ ਅਸਤੀਫਾ ਨਹੀਂ ਦਿੰਦਾ ਉਦੋਂ ਤੱਕ ਕੋਈ ਨਿਰਪੱਖ ਜਾਂਚ ਨਹੀਂ ਹੋ ਸਕਦੀ। ਅਸੀਂ ਉਨ੍ਹਾਂ ਨੂੰ ਉਹ ਸ਼ਬਦ ਯਾਦ ਦਿਵਾਉਂਦੇ ਹਾਂ ਜੋ ਉਹ ਮਨਮੋਹਨ ਸਿੰਘ ਵਰਗੇ ਇਮਾਨਦਾਰ ਪ੍ਰਧਾਨ ਮੰਤਰੀ ਦੇ ਖਿਲਾਫ ਕਹੇ ਸਨ’’ ਉਨ੍ਹਾਂ ਕਿਹਾ ਕਿ ਜੇ ਸਿਸੋਦੀਆ ਅਸਤੀਫਾ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਨੂੰ ਹਟਾ ਦੇਣਾ ਚਾਹੀਦਾ ਹੈ। ਕੇਜਰੀਵਾਲ ਉਨ੍ਹਾਂ ਨੂੰ ਹਟਾ ਦੇਣ ਪਰ ਉਹ ਅਜਿਹਾ ਨਹੀਂ ਕਰਨਗੇ ਕਿਉਂਕਿ ਇਸ ਨਾਲ ਇਸ ਮਾਮਲੇ ਦੀਆਂ ਤਾਰਾਂ ਉਨ੍ਹਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਖੋਲ੍ਹੀਆਂ ਗਈਆਂ 90 ਫੀਸਦੀ ਤੋਂ ਵੱਧ ਸ਼ਰਾਬ ਦੀਆਂ ਦੁਕਾਨਾਂ ਰਿਹਾਇਸ਼ੀ ਖੇਤਰਾਂ ਵਿੱਚ ਹਨ। ਇਹ ਮਾਸਟਰ ਪਲਾਨ ਦੀ ਉਲੰਘਣਾ ਹੈ। ਮਾਕਨ ਨੇ ਇੱਥੇ ਏ.ਆਈਸੀਸੀ ਹੈੱਡਕੁਆਰਟਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਕੇਜਰੀਵਾਲ ਜੀ ਤੋਂ ਸ਼ਰਾਬ ਘੁਟਾਲੇ ਬਾਰੇ ਪੁੱਛੋ, ਉਹ ਸਿੱਖਿਆ ਤੇ ਹੋਰ ਚੀਜ਼ਾਂ ਬਾਰੇ ਗੱਲ ਕਰਨਗੇ। ਅਸੀਂ ਉਨ੍ਹਾਂ ਨੂੰ ਸਪੱਸ਼ਟ ਕਰਨ ਲਈ ਕਹਿਣਾ ਚਾਹੁੰਦੇ ਹਾਂ ਕਿ ਉਹ ਸ਼ਰਾਬ ਘੁਟਾਲੇ ਬਾਰੇ ਕੀ ਕਹਿੰਦੇ ਹਨ’’ ਮਾਕਨ ਨੇ ਕਿਹਾ ਕਿ ਨਗਰ ਨਿਗਮ ਅਤੇ ਡੀਡੀਏ ਇਨ੍ਹਾਂ ਦੁਕਾਨਾਂ ਨੂੰ ਸੀਲ ਕਰ ਸਕਦੇ ਸਨ, ਪਰ ਉਨ੍ਹਾਂ ਨੇ ਸਮੇਂ ਸਿਰ ਅਜਿਹਾ ਨਹੀਂ ਕੀਤਾ ਇਸ ਲਈ ਭਾਜਪਾ ’ਤੇ ਵੀ ਸਵਾਲ ਉਠਾਏ ਗਏ ਹਨ।